ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਵਲੋਂ ਧੜਾਧੜ ਚਾਲਾਨ ਕੱਟੇ ਗਏ ਅਤੇ ਸੂਬੇ ‘ਚ ਵਿਰੋਧ ਤੋਂ ਬਾਅਦ ਸਰਕਾਰ ਨੇ ਫੈਸਲਾ ਵਾਪਸ ਲੈ ਵੀ ਲਿਆ।ਇਸ ਮਾਮਲੇ ‘ਚ ਕੱਟੇ ਗਏ ਚਾਲਾਨਾਂ ਨੂੰ ਰੱਦ ਕਰਾਉਣ ਅਤੇ ਭਵਿੱਖ ‘ਚ ਅਜਿਹੇ ਫੈਸਲੇ ਰੋਕਣ ਦੀ ਮੰਗ ਨੂੰ ਲੈ ਕੇ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਹਿ ਨੇ ਜ਼ਿਲ੍ਹੇ ਭਰ ਦੇ ਜੁਗਾੜ ਵਾਹਨ ਚਾਲਕਾਂ ਨੂੰ ਨਾਲ ਲੈ ਕੇ ਪਿੰਡ ਸੰਧਵਾਂ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ‘ਤੇ ਪ੍ਰਦਰਸ਼ਕਾਰੀਆਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਫਤਿਹ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਰਕਾਰ ਕਿਸੇ ਨੂੰ ਰੁਜ਼ਗਾਰ ਨਹੀਂ ਦੇ ਸਕਦੀ ਤਾਂ ਕਿਸੇ ਦੇ ਚੱਲ ਰਹੇ ਰੋਜ਼ਗਾਰ ਨੂੰ ਖੋਹਣ ਦਾ ਵੀ ਕੋਈ ਹੱਕ ਨਹੀਂ ਹੈ।ਲੋਕਾਂ ਨੇ ਵੱਡੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਆਮ ਤੋਂ ਖਾਸ ਬਣਾਇਆ ਹੈ ਪਰ ਉਨ੍ਹਾਂ ਨੇ ਲੋਕ ਵਿਰੋਧੀ ਫੈਸਲੇ ਲੈਣੇ ਬੰਦ ਨਾ ਕੀਤੇ ਤਾਂ ਲੋਕ ਖਾਸ ਤੋਂ ਆਮ ਬਣਾਉਣ ‘ਚ ਦੇਰ ਨਹੀਂ ਕਰਨਗੇ।
ਕਿਸਾਨ ਨੇਤਾ ਸ਼ਰਨਜੀਤ ਸਿੰਘ ਸਰਾਂ ਨੇ ਕਿਹਾ ਕਿ ਜੇਕਰ ਸਰਕਾਰ ਜੁਗਾੜ ਵਾਹਨ ਬੰਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਾਰੇ ਵਾਹਨ ਚਾਲਕਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ।ਉਨ੍ਹਾਂ ਨੇ ਕਿਹਾ ਕਿ ਸਰਕਾਰ ਸਵੇਰੇ ਕੁਝ ਕਹਿੰਦੀ ਹੈ ਸ਼ਾਮ ਨੂੰ ਬਿਆਨ ਬਦਲ ਦਿੰਦੀ ਹੈ।ਸਰਕਾਰ ਪੱਲਾ ਝਾੜ ਰਹੀ ਹੈ ਕਿ ਉਨ੍ਹਾਂ ਨੇ ਆਦੇਸ਼ ਜਾਰੀ ਨਹੀਂ ਕੀਤੇ ਤਾਂ ਅਧਿਕਾਰੀ ਨੇ ਕਿਸਦੇ ਕਹਿਣ ‘ਤੇ ਆਦੇਸ਼ ਜਾਰੀ ਕੀਤਾ।20-20 ਹਜ਼ਾਰ ਦਾ ਚਾਲਾਨ ਕੱਟ ਦਿੱਤਾ ਜਦਕਿ 20 ਹਜ਼ਾਰ ਦਾ ਵਾਹਨ ਵੀ ਨਹੀਂ ਹੈ।