ਗਰਮ ਖਿਆਲੀ ਵਿਰੋਧੀ ਮਾਰਚ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਟਿਆਲਾ ‘ਚ ਹੋਈ ਹਿੰਸਾ ਤੋਂ ਅਗਲੇ ਦਿਨ ਹੀ ਸਰਕਾਰ ਨੇ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਨਾਨਕ ਸਿੰਘ ਨੂੰ ਹਟਾ ਦਿੱਤਾ ਹੈ। ਹੁਣ ਮੁਖਵਿੰਦਰ ਸਿੰਘ ਛੀਨਾ ਨਵੇਂ ਆਈਜੀ ਅਤੇ ਦੀਪਕ ਪਾਰਿਖ ਨਵੇਂ ਐਸਐਸਪੀ ਹੋਣਗੇ। ਸਿਟੀ ਐਸਪੀ ਨੂੰ ਹਟਾ ਕੇ ਵਜ਼ੀਰ ਸਿੰਘ ਖਹਿਰਾ ਨੂੰ ਲਾਇਆ ਗਿਆ ਹੈ।
ਕਾਲੀ ਮਾਤਾ ਦੇ ਮੰਦਰ ‘ਤੇ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਅੱਜ ਪਟਿਆਲਾ ‘ਚ ਬੰਦ ਦਾ ਸੱਦਾ ਦਿੱਤਾ ਹੈ। ਹਾਲਾਤ ਵਿਗੜਨ ਦੇ ਖਦਸ਼ੇ ਕਾਰਨ ਪ੍ਰਸ਼ਾਸਨ ਨੇ ਅੱਜ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ ਸ਼ਹਿਰ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸਵੇਰ ਤੱਕ ਸ਼ਹਿਰ ‘ਚ ਕਰਫਿਊ ਵੀ ਲਗਾਇਆ ਗਿਆ। ਪੂਰੇ ਪੰਜਾਬ ਵਿੱਚ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਹਿੰਦੂ ਤਖ਼ਤ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਹੇਠ ਕਈ ਹਿੰਦੂ ਜਥੇਬੰਦੀਆਂ ਅੱਜ ਕਾਲੀ ਮਾਤਾ ਮੰਦਰ ਵਿਖੇ ਇਕੱਠੀਆਂ ਹੋਣਗੀਆਂ। ਇਸ ਤੋਂ ਬਾਅਦ ਅਰਥੀ ਫੂਕ ਮਾਰਚ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੱਲ੍ਹ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਕਾਲੀ ਮਾਤਾ ਮੰਦਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇੱਥੇ ਦੱਸ ਦੇਈਏ ਕਿ ਪਟਿਆਲਾ ਹਿੰਸਾ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮਾਨ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।