ਇਸ ਵਾਰ ਗਰਮੀ ਦੀ ਸਮੇਂ ਤੋਂ ਪਹਿਲਾਂ ਸ਼ੁਰੂਆਤ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਘੱਟ ਨਿਕਲੀ ਹੈ।ਜਿਸ ‘ਚ ਕਿਸਾਨ ਲਗਾਤਾਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।ਇਸ ਕਾਰਨ ਅੱਜ ਕਿਸਾਨ ਸੰਯੁਕਤ ਮੋਰਚੇ ਦੀ ਕਾਲ ‘ਤੇ ਭਵਾਨੀਗੜ੍ਹ ‘ਚ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਨੇ ਇਕੱਠੇ ਹੋ ਕੇ ਸ਼ਹਿਰ ‘ਚ ਟ੍ਰੈਕਟਰ ਮਾਰਚ ਕੱਢਿਆ ਅਤੇ ਸ਼ਹਿਰ ਦੀ ਅਨਾਜ ਮੰਡੀ ਦੀ ਮਾਰਕੀਟ ਕਮੇਟੀ ‘ਚ ਵਿਧਾਨ ਸਭਾ ਹਲਕਾ ਸੰਗਰੂਰ ਦੀ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ।
ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਦੀ ਫਸਲ ਘੱਟ ਨਿਕਲੀ ਹੈ ਉਸਦਾ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਮਿਲਣਾ ਚਾਹੀਦਾ।ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਦੀ ਤਾਰੀਕ 18 ਜੂਨ ਐਲਾਨੀ ਹੈ ਜਦੋਂ ਕਿ ਪਹਿਲਾਂ ਹਰ ਸਾਲ 10 ਜੂਨ ਨੂੰ ਕਿਸਾਨ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ।ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਖੇਤਾਂ ‘ਚ 10 ਜੂਨ ਤੋਂ ਬਿਜਲੀ ਦੀ ਸਪਲਾਈ ਚਾਲੂ ਕੀਤੀ ਜਾਵੇ ਅਤੇ 10 ਜੂਨ ਤੋਂ ਝੋਨੇ ਦੀ ਬਿਜਾਈ ਦੀ ਤਾਰੀਕ ਐਲਾਨੀ ਜਾਵੇ।
ਕਿਸਾਨਾਂ ਨੇ ਕਿਹਾ ਕਿ ਜੇਕਰ 10 ਜੂਨ ਝੋਨੇ ਦੀ ਬਿਜਾਈ ਦੀ ਤਾਰੀਕ ਨਹੀਂ ਐਲਾਨੀ ਜਾਵੇਗੀ ਤਾਂ ਕਿਸਾਨ ਯੂਨੀਅਨ ਅਤੇ ਕਿਸਾਨ ਪੰਜਾਬ ਸਰਕਾਰ ਦੇ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਵੱਡਾ ਸੰਘਰਸ਼ ਵਿੱਢਣਗੇ।ਜਦੋਂ ਇਸ ਮੁੱਦੇ ‘ਤੇ ਸੰਗਰੂਰ ਵਿਧਾਨਸਭਾ ਹਲਕਾ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੀਡੀਆ ਨੂੰ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਪੰਜਾਬ ਸਰਕਾਰ ਲਈ ਮੇਰੇ ਕੋਲ ਰੱਖੀਆ ਹਨ ਅਤੇ ਅਸੀਂ ਇਸ ਮੁੱਦੇ ‘ਤੇ ਸਰਕਾਰ ਦੇ ਨੁਮਾਇੰਦੇ ਅਤੇ ਕਿਸਾਨਾਂ ਦੇ ਨੁਮਾਇੰਦੇ ਬੈਠਕੇ ਚਰਚਾ ਕਰਾਂਗੇ ਕਿਸਾਨਾਂ ਦੀ ਹਰ ਗੱਲ ਸੁਣੀ ਜਾਵੇਗੀ।