ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ‘ਚੋਂ 9 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 43 ਜ਼ਰਦੇ ਦੀਆਂ ਥੈਲੀਆਂ, 7 ਸਿਗਰਟ ਦੇ ਡੱਬੇ, ਇਕ ਈਅਰਫੋਨ, 2 ਚਾਰਜਰ, 4 ਡਾਟਾ ਕੇਬਲ, 55 ਕੈਪਸੂਲ ਅਤੇ 76 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਹ ਸਾਰਾ ਸਮਾਨ 5 ਲਿਫਾਫਿਆਂ ‘ਚ ਭਰਿਆ ਹੋਈਆ ਸੀ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਸਾਮਾਨ ਲਿਫ਼ਾਫ਼ਿਆਂ ਵਿੱਚ ਪੈਕ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਬਰਾਮਦਗੀ ਤੋਂ ਬਾਅਦ ਜੇਲ ਦੀ ਸੁਰੱਖਿਆ ਦੇ ਦਾਅਵਿਆਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
50 ਦਿਨਾਂ ‘ਚੋਂ ਮਿਲੇ 710 ਮੋਬਾਈਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੇਲ੍ਹਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਵਿੱਚ ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਬੂਲ ਕੀਤਾ ਹੈ ਕਿ ਇਨ੍ਹਾਂ ਮੋਬਾਈਲਾਂ ਰਾਹੀਂ ਗੈਂਗਸਟਰ ਅਤੇ ਅਪਰਾਧੀ ਜੇਲ੍ਹ ਦੇ ਬਾਹਰ ਆਪਣਾ ਨੈੱਟਵਰਕ ਚਲਾ ਰਹੇ ਸਨ। ਮਾਨ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਇਹ ਮੋਬਾਈਲ ਜੇਲ੍ਹ ਅੰਦਰ ਲਿਆਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।
CM ਮਾਨ ਨੇ ਸੁਧਾਰ ਘਰ ਬਣਾਉਣ ਦਾ ਕੀਤਾ ਦਾਅਵਾ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਹਕੀਕਤ ਵਿੱਚ ਸੁਧਾਰ ਘਰ ਬਣਾਇਆ ਜਾਵੇਗਾ। ਜੁਰਮ ਕਰਨ ਤੋਂ ਬਾਅਦ ਜੇਲ੍ਹ ਜਾਣ ਵਾਲੇ ਹਰ ਕੈਦੀ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਵੇਗਾ। ਜੇਲ੍ਹ ਵਿੱਚ ਹੁਣ ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ। ਜੇਲ੍ਹ ਵਿੱਚ ਬਣੇ ਆਰਾਮਦਾਇਕ ਕਮਰਿਆਂ ਨੂੰ ਵੀ ਢਾਹ ਕੇ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।