ਕੋਰੋਨਾ ਵਾਇਰਸ ਪੂਰੇ ਦੇਸ਼ ‘ਚ ਬੜੀ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। ਸਿਆਸੀ ਹਸਤੀਆਂ ਵੀ ਤੇਜ਼ੀ ਨਾਲ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੀਆਂ ਹਨ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ‘ਚ ਇਸ ਵਾਇਰਸ ਦੇ ਹਲਕੇ ਲੱਛਣਾਂ ਦੀ ਪੁਸ਼ਟੀ ਹੋਈ ਹੈ। ਰਾਹੁਲ ਗਾਂਧੀ ਨੇ ਖੁਦ ਟਵੀਟ ਕਰਕੇ ਆਪਣੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਨੂੰ ਵੀ ਕਿਹਾ ਹੈ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪਤਨੀ ਦੇ ਕਰੋਨਾ ਪੌਜ਼ੇਟਿਵ ਆਉਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਕੌਮੀ ਰਾਜਧਾਨੀ ਦਿੱਲੀ ਵਿੱਚ 19 ਅਪ੍ਰੈਲ ਦੀ ਰਾਤ ਤੋਂ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ ਜੋ 26 ਅਪ੍ਰੈਲ ਤੱਕ ਜਾਰੀ ਰਹੇਗਾ। ਫਿਲਹਾਲ ਦਿੱਲੀ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡਕੇ ਬਾਕੀ ਸਾਰੀਆਂ ਸੁਵਿਧਾਵਾਂ ਲੱਗਭਗ ਬੰਦ ਹਨ। ਦਿੱਲੀ ਪੁਲਿਸ ਸਖ਼ਤੀ ਨਾਲ ਲੌਕਡਾਊਨ ਦਾ ਪਾਲਣ ਕਰਵਾ ਰਹੀ ਹੈ।