ਪੰਜਾਬ ਸਰਕਾਰ ਦਿੱਲੀ ਹਵਾਈ ਅੱਡੇ ਤੱਕ ਪਨਬੱਸ ਵਾਲਵੋ ਬੱਸ ਦੀ ਸਹੂਲਤ ਮੁਹੱਈਆ ਕਰਵਾਉਣ ਜਾ ਰਹੀ ਹੈ। ਜਲਦ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਲਈ ਸਰਕਾਰੀ ਵਾਲਵੋ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਇਸ ਮੁਤਾਬਕ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕਰਦਿਆਂ ਡਿਪੂ ਮੈਨੇਜਰਾਂ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਦੱਸ ਦੇਈਏ ਕਿ ਪੰਜਾਬ ਅਤੇ ਦਿੱਲੀ ਦੇ ਟਰਾਂਸਪੋਰਟ ਅਧਿਕਾਰੀਆਂ ਦੀ ਬੀਤੇ ਦਿਨੀਂ ਹੋਈ ਮੀਟਿੰਗ ਦੌਰਾਨ ਇਸ ‘ਤੇ ਸਹਿਮਤੀ ਬਣੀ ਹੈ ਕਿ ਹੁਣ ਦਿੱਲੀ ਹਵਾਈ ਅੱਡੇ ਤੱਕ ਸਰਕਾਰੀ ਬੱਸਾਂ ਵੀ ਜਾਣਗੀਆਂ। ਇਹ ਬੱਸਾਂ 10 ਜ਼ਿਲ੍ਹਿਆਂ ‘ਚੋਂ ਚੱਲਣਗੀਆਂ, ਜਿਨ੍ਹਾਂ ‘ਚ ਚੰਡੀਗੜ੍ਹ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਅੰਮ੍ਰਿਤਸਰ, ਪਠਾਨਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ। ਪਨਬੱਸ ਵੱਲੋਂ ਸਾਰੇ ਡਿਪੂ ਪ੍ਰਬੰਧਕਾਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਨਾਲ ਲੋਕਾਂ ਨੂੰ ਨਿੱਜੀ ਬੱਸਾਂ ਦੇ ਮਹਿੰਗੇ ਖ਼ਰਚੇ ਤੋਂ ਰਾਹਤ ਮਿਲੇਗੀ। ਸਰਕਾਰੀ ਵਾਲਵੋ ਬੱਸਾਂ ਦੀ ਦਿੱਲੀ ਹਵਾਈ ਅੱਡੇ ਤੱਕ ਐਂਟਰੀ ਹੋਣ ਨਾਲ ਮੁਸਾਫ਼ਰਾਂ ਨੂੰ ਕਾਫੀ ਸਹੂਲਤ ਮਿਲੇਗੀ। ਦੱਸਣਯੋਗ ਹੈ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰੀ ਵਾਲਵੋ ਬੱਸਾਂ ‘ਤੇ ਦਿੱਲੀ ਸਰਕਾਰ ਵੱਲੋਂ ਰੋਕ ਲਾਈ ਗਈ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ।