ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਔਰਤਾਂ ਨੂੰ ਲੈ ਕੇ ਵੱਡਾ ਫ਼ੈਸਲਾ ਦੇਖਣ ਨੂੰ ਮਿਲਿਆ ਹੈ। ਜਿਥੇ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਮਹਿਲਾ ਕਰਮਚਾਰੀ ਨੂੰ ਉਸ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਸਵੇਰੇ 6 ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਇਹੀ ਨਹੀਂ, ਉਪਰੋਕਤ ਘੰਟਿਆਂ ਦੌਰਾਨ ਕੰਮ ਕਰਨ ’ਤੇ ਮੁਫ਼ਤ ਟਰਾਂਸਪੋਰਟ, ਭੋਜਨ ਅਤੇ ਉੱਚਿਤ ਨਿਗਰਾਨੀ ਵੀ ਪ੍ਰਦਾਨ ਕੀਤੀ ਜਾਵੇਗੀ।
ਇਸ ਦੇ ਨਾਲ ਯੂ. ਪੀ. ਸਰਕਾਰ ਨੇ ਇਹ ਵੀ ਕਿਹਾ ਹੈ ਕਿ ਵਿਸ਼ੇਸ਼ ਹਾਲਾਤਾਂ ’ਚ ਜੇਕਰ ਮਹਿਲਾ ਕਰਮਚਾਰੀ ਨੂੰ ਰੋਕਿਆ ਗਿਆ ਹੈ, ਤਾਂ ਉਸ ਦੇ ਲਈ ਲਿਖਤੀ ਪ੍ਰਵਾਨਗੀ ਲੈਣੀ ਹੋਵੇਗੀ। ਸਪੱਸ਼ਟ ਹੈ ਕਿ ਯੋਗੀ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ’ਚ ਕਿਸੇ ਵੀ ਔਰਤ ਨੂੰ ਨਾਈਟ ਸ਼ਿਫਟ ’ਚ ਕੰਮ ’ਤੇ ਨਹੀਂ ਬੁਲਾਇਆ ਜਾ ਸਕਦਾ ਹੈ ਅਤੇ ਨਾ ਹੀ ਦੇਰ ਰਾਤ ਤੱਕ ਡਿਊਟੀ ਕਰਵਾਈ ਜਾ ਸਕਦੀ ਹੈ। ਯੋਗੀ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਹ ਵੱਡਾ ਫ਼ੈਸਲਾ ਲਿਆ ਹੈ।
ਯੂ. ਪੀ. ਸਰਕਾਰ ਦਾ ਇਹ ਹੁਕਮ ਸਰਕਾਰੀ ਸੰਸਥਾਨਾਂ ਤੋਂ ਲੈ ਕੇ ਪ੍ਰਾਈਵੇਟ ਸੰਸਥਾਨਾਂ ਤੱਕ ਸਾਰਿਆਂ ’ਤੇ ਬਰਾਬਰ ਰੂਪ ’ਚ ਲਾਗੂ ਕੀਤਾ ਜਾਵੇਗਾ।
ਇਸ ਦੇ ਨਾਲ ਹੁਕਮ ’ਚ ਕਿਹਾ ਗਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸੰਸਥਾਨਾਂ ’ਤੇ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਸੰਸਥਾਨ ਮਹਿਲਾ ਕਰਮਚਾਰੀ ਨੂੰ ਸ਼ਾਮ 7 ਵਜੇ ਤੋਂ ਬਾਅਦ ਰੋਕਦਾ ਜਾਂ ਫਿਰ ਸਵੇਰੇ 6 ਵਜੇ ਤੋਂ ਪਹਿਲਾਂ ਬੁਲਾਉਂਦਾ ਹੈ, ਅਤੇ ਉਥੇ ਹੀ ਉਹ ਇਸ ਦੇ ਲਈ ਮਨ੍ਹਾ ਕਰਦੀ ਹੈ ਤਾਂ ਸੰਸਥਾਨ ਉਸ ਨੂੰ ਕੱਢ ਨਹੀਂ ਸਕਦਾ ਹੈ।