ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਖਿਲਾਫ਼ ਸ਼ੁਰੂ ਤੋਂ ਹੀ ਸਖ਼ਤ ਰਹੀ ਹੈ। ਇਸ ਦਾ ਪ੍ਰਮਾਣ ਉਨ੍ਹਾ ਆਪਣੇ ਹੀ ਕੈਬਨਿਟ ਮੰਤਰੀ ਵਿਜੈ ਸਿੰਗਲਾ ‘ਤੇ ਕਾਰਵਾਈ ਕਰ ਦੇ ਦਿੱਤਾ ਹੈ ਤੇ ਹੁਣ ਮਾਨ ਸਰਕਾਰ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਗਈ ਹੈ ਜਿਸ ‘ਚ ਉਨ੍ਹਾਂ ਕੈਪਟਨ ਕੋਲੋਂ ਉਨ੍ਹਾਂ ਭ੍ਰਿਸ਼ਟ ਕਾਂਗਰਸੀ ਮੰਤਰੀਆਂ ਤੇ ਅਫਸਰਾਂ ਦੀਆਂ ਫਾਈਲਾਂ ਮੰਗੀਆਂ ਹਨ ਤਾਂ ਕਿ ਉਨ੍ਹਾਂ ‘ਤੇ ਸਖ਼ਤ ਐਕਸ਼ਨ ਲਿਆ ਜਾ ਸਕੇ।
ਇਸ ਸਾਰੇ ਮਾਮਲੇ ਪ੍ਰਤੀ ਹਰਪਾਲ ਚੀਮਾ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਸਰਕਾਰ ਸਮੇਂ ਖੁੱਲ ਕੇ ਭ੍ਰਿਸ਼ਟਾਚਾਰ ਹੋਇਆ। ਜਿਸ ‘ਚ ਉਨ੍ਹਾਂ ਦੇ ਹੀ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਸ਼ਾਮਿਲ ਸੀ ਤੇ ਭ੍ਰਸ਼ਟਾਚਾਰ ਕਰ ਰਹੇ ਸੀ ਪਰ ਉਸ ਸਮੇਂ ਉਹ ਕੋਈ ਕਾਰਵਾਈ ਨਹੀਂ ਕਰ ਸਕੇ। ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਭ੍ਰਿਸ਼ਟ ਮੰਤਰੀਆਂ ਖਿਲਾਫ ਸਾਰੇ ਸਬੂਤ ਉਨ੍ਹਾਂ ਕੋਲ ਮੌਜ਼ੂਦ ਹਨ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰੀਆਂ ਫਾਈਲਾਂ ਸਰਕਾਰ ਨੂੰ ਸੌਂਪਣ ਤਾਂ ਸਾਡੀ ਸਰਕਾਰ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰ ਸਕੇ।
ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਫਾਈਲਾਂ ਜਾਂ ਸਬੂਤ ਤੁਸੀਂ ਪੰਜਾਬ ਸਰਕਾਰ ਨੂੰ ਦਿਓਗੇ ਉਨ੍ਹਾਂ ਸਬੂਤਾਂ ਦੇ ਆਧਾਰ ‘ਤੇ ਸਰਕਾਰ ਉਨ੍ਹਾਂ ਭ੍ਰਿਸ਼ਟਾਚਾਰੀਆਂ ‘ਤੇ ਉਹ ਭਾਂਵੇ ਜਿਨ੍ਹਾਂ ਮਰਜ਼ੀ ਰਸੂਖਦਾਰ ਹੋਵੇ ਸਖ਼ਤ ਕਾਰਵਾਈ ਕਰੇਗੀ। ਚੀਮਾ ਨੇ ਕਿਹਾ ਕਿ ਇਹ ਜੋ ਵੀ ਹਨ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਗਦਾਰੀ ਕੀਤੀ ਹੈ ਉਨ੍ਹਾਂ ਦੀ ਥਾਂ ਹੁਣ ਖੁੱਲ੍ਹੇ ਆਮ ਘੁੰਮਣ ਦੀ ਨਹੀਂ ਸਗੋਂ ਸਲਾਖਾਂ ਪਿੱਛੇ ਜਾਣ ਦੀ ਹੈ।