ਤੁਸੀਂ ਹਾਲ ਹੀ ਵਿੱਚ ਇੱਕ ਫਿਲਮ KGF ਦੇਖੀ ਹੋਵੇਗੀ ਜਿਸ ਵਿੱਚ ਪੂਰੀ ਲੜਾਈ ਸੋਨੇ ਦੀਆਂ ਖਾਣਾਂ ਦੇ ਕਬਜ਼ੇ ਨੂੰ ਲੈ ਕੇ ਸੀ। ਫਿਲਮ ‘ਚ ਅਭਿਨੇਤਾ ਯਸ਼ ਯਾਨੀ ‘ਰੌਕੀ ਭਾਈ’ ਸੋਨੇ ਦੀ ਸਭ ਤੋਂ ਵੱਡੀ ਖਾਨ ‘ਤੇ ਕਬਜ਼ਾ ਕਰ ਕੇ ਇੰਨਾ ਸੋਨਾ ਪੈਦਾ ਕਰਦੇ ਹਨ ਕਿ ਹਰ ਕੋਈ ਦੰਗ ਰਹਿ ਜਾਂਦਾ ਹੈ।
ਹੁਣ KGF ਵਾਂਗ ਬਿਹਾਰ ਦੇ ਜਮੁਈ ਵਿੱਚ ਦੇਸ਼ ਦੀ ਸਭ ਤੋਂ ਵੱਡੀ ਸੋਨੇ ਦੀ ਖਾਣ ‘ਚੋਂ ਸੋਨਾ ਕੱਢਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਇੱਥੇ ਇਹ ਕੰਮ ਕੋਈ ਰੌਕੀ ਭਾਈ ਨਹੀਂ ਕਰੇਗਾ, ਸਗੋਂ ਲੋਕਾਂ ਦੇ ਹਿੱਤ ਵਿੱਚ ਸੂਬਾ ਸਰਕਾਰ ਕਰੇਗੀ।
ਇਸ ਦੇ ਲਈ, ਬਿਹਾਰ ਸਰਕਾਰ ਨੇ ਜਮੁਈ ਜ਼ਿਲ੍ਹੇ ਵਿੱਚ “ਦੇਸ਼ ਦੇ ਸਭ ਤੋਂ ਵੱਡੇ” ਸੋਨੇ ਦੇ ਭੰਡਾਰਾਂ ਦੀ ਖੋਜ ਕਰਨ ਦੀ ਇਜਾਜ਼ਤ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐਸਆਈ) ਦੇ ਅਨੁਸਾਰ, ਜਮੁਈ ਜ਼ਿਲ੍ਹੇ ਵਿੱਚ ਲਗਭਗ 222.88 ਮਿਲੀਅਨ ਟਨ ਸੋਨੇ ਦੇ ਭੰਡਾਰ ਹਨ, ਜਿਸ ਵਿੱਚ 37.6 ਟਨ ਖਣਿਜ-ਅਮੀਰ ਧਾਤ ਵੀ ਸ਼ਾਮਲ ਹੈ। ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਜਮੁਈ ਵਿੱਚ ਸੋਨੇ ਦੇ ਭੰਡਾਰਾਂ ਦੀ ਖੋਜ ਲਈ ਜੀਐਸਆਈ ਅਤੇ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਮਡੀਸੀ) ਸਮੇਤ ਜਾਂਚ ਵਿੱਚ ਸ਼ਾਮਲ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇੱਕ ਮਹੀਨੇ ਦੇ ਅੰਦਰ-ਅੰਦਰ ਜੀ-3 (ਮੁਢਲੇ) ਪੜਾਅ ਦੀ ਖੋਜ ਲਈ ਕੇਂਦਰੀ ਏਜੰਸੀ ਜਾਂ ਹੋਰ ਏਜੰਸੀਆਂ ਨਾਲ ਸਮਝੌਤੇ ‘ਤੇ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਜੀ2 (ਆਮ) ਪੱਧਰ ਦੀ ਖੋਜ ਵੀ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਕੇਂਦਰੀ ਖਾਨ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪਿਛਲੇ ਸਾਲ ਲੋਕ ਸਭਾ ਵਿੱਚ ਦੱਸਿਆ ਸੀ ਕਿ ਭਾਰਤ ਦੇ ਸੋਨੇ ਦੇ ਭੰਡਾਰ ਵਿੱਚ ਬਿਹਾਰ ਦਾ ਸਭ ਤੋਂ ਵੱਡਾ ਹਿੱਸਾ ਹੈ। ਇੱਕ ਲਿਖਤੀ ਜਵਾਬ ਵਿੱਚ ਉਨ੍ਹਾਂ ਕਿਹਾ ਸੀ ਕਿ ਬਿਹਾਰ ਵਿੱਚ 222.885 ਮਿਲੀਅਨ ਟਨ ਸੋਨਾ ਹੈ, ਜੋ ਦੇਸ਼ ਦੇ ਕੁੱਲ ਸੋਨੇ ਦੇ ਭੰਡਾਰ ਦਾ 44 ਫੀਸਦੀ ਹੈ।