ਬੇਅਦਬੀ ਮਾਮਲਿਆਂ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੱਧੂ ਹੁਣ ਆਪਣੀ ਸਰਕਾਰ ਦੇ ਖਿਲਾਫ਼ ਖੁੱਲ ਕੇ ਸਾਹਮਣੇ ਆਏ ਹਨ। ਇਸ ਵਾਰ ਨਵਜੋਤ ਸਿੱਧੂ ਨੇ ਟਵੀਟ ਕਰਕੇ ਬੇਅਦਬੀ ਕੇਸਾਂ ‘ਚ ਸਿੱਧੇ ਤੌਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਿਹਰੇ ‘ਚ ਖੜ੍ਹਾ ਕਰ ਦਿੱਤਾ। ਸਿੱਧੂ ਨੇ ਕਿਹਾ ਕਿ ਐਨਾ ਸੰਵੇਦਨਸ਼ੀਲ ਮਸਲਾ ਹੈ ਪਰ ਗ੍ਰਹਿ ਮੰਤਰੀ ਲਈ ਇਹ ਅਹਿਮ ਕਿਉਂ ਨਹੀਂ ਹੈ। ਬੇਅਦਬੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਾਲੇ ਹੁਣ ਆਪਣੀ ਜ਼ਿੰਮੇਵਾਰੀ ਤੋਂ ਭੱਜ ਕਿਉਂ ਰਹੇ ਹਨ। ਇਕੱਲੇ ਐਡਵੋਕੇਟ ਜਨਰਲ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਸਿੱਧੂ ਨੇ ਕਿਹਾ ਕਿ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ। ਸਿੱਧੂ ਨੇ ਟਵੀਟ ਕੀਤਾ–ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜਿੰਮੇਵਾਰੀ ਕਿਸੇ ਸਿਰ ਮੜ੍ਹਣੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ‘ਚ ਨਹੀਂ ਹੈ। ਫਿਰ ਏਜੀ ਦੀ ਲਗਾਮ ਕਿਸ ਦੇ ਹੱਥ ਹੈ ? ਜਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ ਪਿਆਦੇ ਹਨ। ਸਿੱਧੇ ਤੌਰ ‘ਤੇ ਸਿੱਧੂ ਨੇ ਮੁੱਖ ਮੰਤਰੀ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ ਕਿਉਂਕਿ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਕੈਪਟਨ ਕੋਲ ਹੈ। 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈੋਪਟਨ ਲਈ ਪਾਰਟੀ ਦੇ ਅੰਦਰੋਂ ਹੀ ਵੱਡੀਆਂ ਚੁਣੌਤੀ ਖੜੀਆਂ ਹੋਣ ਲੱਗ ਪਈਆਂ ਹਨ। ਇਕੱਲੇ ਨਵਜੋਤ ਸਿੱਧੂ ਦੇ ਸੁਰ ਹੀ ਬਾਗੀ ਨਹੀਂ ਹੋਏ ਬਲਕਿ ਇਸਤੋਂ ਪਹਿਲਾਂ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਨੂੰ ਬੇਅਦਬੀਆਂ ‘ਤੇ ਘੇਰਿਆ ਸੀ ਅਤੇ ਏਜੀ ਅਤੁਲ ਨੰਦਾ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ । ਇਸਦੇ ਨਾਲ ਹੀ ਰਵਨੀਤ ਬਿੱਟੂ ਵੀ ਆਪਣੀ ਸਰਕਾਰ ਨੂੰ ਸਲਾਹ ਦੇ ਚੁੱਕੇ ਹਨ ਕਿ ਬੇਅਦਬੀ ਦੇ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰੋ। ਸਿੱਧੂ ਨੇ ਕਿਹਾ ਕਿ ਚੋਣਾਂ ਨੂੰ 6 ਮਹੀਨੇ ਰਹਿ ਗਏ ਹਨ ਲੋਕਾਂ ‘ਚ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ, ਹਾਲੇ ਵੀ ਵੇਲਾ ਹੈ ਕੋਈ ਕਾਰਵਾਈ ਕਰ ਲਵੋ ਨਹੀਂ ਤਾਂ ਅਸੀਂ ਪਿੰਡਾਂ ‘ਚ ਵੜਨ ਜੋਗੇ ਨਹੀਂ ਰਹਿਣਾ। ਇਸਤੋਂ ਪਹਿਲਾਂ ਵੀ ਨਵਜੋਤ ਸਿੱਧੂ ਟਵੀਟ ਕਰਕੇ ਆਪਣੀ ਸਰਕਾਰ ਨੂੰ ਘੇਰ ਚੁੱਕੇ ਹਨ। ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪਿਛਲੇ ਦਿਨੀਂ ਲਿਖਆ ਕਿ ਹਮ ਤੋ ਡੂਬੇਂਗੇ ਸਨਮ, ਆਪ ਕੋ ਭੀ ਲੈ ਡੂਬੇਂਗੇ।” ਉਨ੍ਹਾਂ ਨੇ ਇਹ ਵੀ ਲਿਖਆ ਹੈ ਕਿ ਇਹ ਸਰਕਾਰ ਜਾਂ ਪਾਰਟੀ ਦੀ ਅਸਫਲਤਾ ਨਹੀਂ ਹੈ, ਬਲਕਿ ਇੱਕ ਆਦਮੀ ਹੈ ਜਿਸ ਨੇ ਦੋਸ਼ੀਆਂ ਨਾਲ ਹੱਥ ਮਿਲਾਇਆ ਹੈ।