3 ਜੂਨ 1984 ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ
ਫੌਜ਼ ਵਲੋਂ ਸ੍ਰੀ ਦਰਬਾਰ ਸਾਹਿਬ ‘ਚ ਆਉਣ ਜਾਣ ਦੀ ਆਗਿਆ ਦੇ ਦਿੱਤੀ ਗਈ।ਸੰਤ ਭਿੰਡਰਾਂ ਵਾਲਿਆਂ ਦੀ ਪੱਤਰਕਾਰਾਂ ਨਾਲ ਆਖ਼ਰੀ ਗੱਲਬਾਤ ਹੋਈ।3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ।ਫੌਜ਼ ਵਲੋਂ ਹਰ ਕਿਸੇ ਨੂੰ ਦਰਬਾਰ ਸਾਹਿਬ ‘ਚ ਆਉਣ ਦੀ ਖੁੱਲ੍ਹ ਦਿੱਤੀ ਗਈ।ਜਰਨਲ ਬਰਾੜ ਦਰਬਾਰ ਸਾਹਿਬ ਦੇ ਅੰਦਰ ਦਾ ਭੇਤ ਲੈ ਰਿਹਾ ਸੀ।
ਜਰਨਲ ਬਰਾੜ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਸੰਤ ਭਿੰਡਰਾਂਵਾਲਿਆਂ ਦੇ ਕੋਲ ਉਨਾਂ੍ਹ ਵਲੋਂ ਕੁਝ ਪੱਤਰਕਾਰਾਂ ਨੂੰ ਭੇਜਿਆ ਗਿਆ।ਜਿਹੜੇ ਉਨ੍ਹਾਂ ਦੇ ਸਵਾਲ ਲੈ ਕੇ ਸੰਤ ਭਿੰਡਰਾਂਵਾਲਿਆਂ ਨੂੰ ਦੇਣ।ਪਹਿਲਾ ਸਵਾਲ ਸੀ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 2 ਜੂਨ ਵਾਲੇ ਭਾਸ਼ਣ ‘ਤੇ ਤੁਹਾਡਾ ਕੀ ਪ੍ਰਤੀਕਰਮ ਹੈ।ਸੰਤ ਭਿੰਡਰਾਂਵਾਲਿਆਂ ਦਾ ਉੱਤਰ ਸੀ ਕਿ ਮੈਂ ਅਜਿਹੇ ਭਾਸ਼ਣਾਂ ਨੂੰ ਗੌਲਦਾ ਨਹੀਂ।
ਦੂਜਾ ਸਵਾਲ ਸੀ ਕਿ ਹੁਣ ਫੌਜ਼ ਆ ਗਈ ਕੀ ਹੁਣ ਤੁਸੀਂ ਲੜੋਗੇ ਜਾਂ ਆਤਮ-ਸਮਰਪਣ ਕਰੋਗੇ।ਜੇ ਲੜੋਗੇ ਤਾਂ ਮਾਰੇ ਜਾਓਗੇ ਕੀ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ।ਸੰਤਾਂ ਦਾ ਉੱਤਰ ਸੀ ਕੋਈ ਗੱਲ ਨਹੀਂ ਆਉਣ ਦਿਓ ਫੌਜ਼ ਨੂੰ,” ਦੂਜੀ ਗੱਲ ਜਿਹੜਾ ਮੌਤ ਤੋਂ ਡਰਦਾ ਉਹ ਸਿੱਖ ਨਹੀਂ ਹੁੰਦਾ ਤੇ ਜਿਹੜਾ ਸਿੱਖ ਹੁੰਦਾ ਉਹ ਕਦੇ ਮੌਤ ਤੋਂ ਨਹੀਂ ਡਰਦਾ।ਇਸ ਸੁਣ ਬਰਾੜ ਨੂੰ ਪੱਕਾ ਹੋ ਗਿਆ ਕਿ ਬੜੀ ਲੜਾਈ ਹੋਣ ਵਾਲੀ ਕਿਉਂਕਿ ਅੰਦਰ ਜੋ ਖਾੜਕੂ ਬੈਠੇ ਹਨ ਉਹ ਪੂਰੇ ਮਰਨ-ਲੜਨ ਲਈ ਬੈਠੇ ਹਨ।
ਇਹ ਸਾਰੀ ਜਾਣਕਾਰੀ ਜਰਨਲ ਬਰਾੜ ਨੇ ਜਰਨਲ ਵੈਦਿਆ, ਜਰਨਲ ਰਣਜੀਤ ਦਿਆਲ ਤੇ ਹੋਰਨਾਂ ਨਾਲ ਸਾਂਝੀ ਕੀਤੀ।ਉਨ੍ਹਾਂ ਯੋਜਨਾ ਬਣਾਈ ਕਿ ਕਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਣਾ।ਪਰ ਉੱਥੋਂ ਤੱਕ ਜਾਣ ਲਈ ਖਾੜਕੂ ਸਿੰਘਾਂ ਦੇ ਲਾਏ ਮੋਰਚਿਆਂ ਨੂੰ ਭੰਨਣਾ ਪੈਣਾ ਸੀ।ਇਹ ਮੋਰਚੇ ਪਾਣੀ ਦੀ ਟੈਂਕੀ 18ਵੀਂ ਸਦੀ ਦੇ ਦੋ ਬੁੰਗੇ ਬ੍ਰਹਮ ਬੂਟਾ ਅਖਾੜਾ ਤੇ ਟੈਂਪਲ ਵਿਊ ‘ਤੇ ਸਨ।
ਇਹ ਸਾਰੇ ਮੋਰਚੇ ਘੰਟਾ ਘਰ ਵਾਲੇ ਪਾਸੇ ਸਨ।ਇਨ੍ਹਾਂ ਮੋਰਚਿਆਂ ਨੰੰ ਭੰਨਣ ਲਈ ਫੌਜ਼ ਵਲੋਂ 3 ਜੂਨ ਨੂੰ ਯੋਜਨਾ ਬਣਾਈ ਗਈ।ਇਸ ਯੋਜਨਾ ਵਿੱਚ ਉਨ੍ਹਾਂ ਨੇ ਟੈਂਕ ਅਤੇ ਬਖ਼ਤਰ ਬੰਦ ਗੱਡੀਆਂ ਪ੍ਰਬੰਧ ਕੀਤਾ।ਉੱਧਰ ਸ੍ਰੀ ਗੁਰੂ ਅਕਾਲ ਤਖ਼ਤ ਸਾਹਿਬ ‘ਤੇ ਵੀ ਖਾੜਕੂ ਪੂਰੀ ਤਿਆਰ ‘ਚ ਸਨ।ਕੇ.ਐੱਸ ਬਰਾੜ ਦੇ ਮੁਤਾਬਕ ਸੰਤ ਭਿੰਡਰਾਂਵਾਲੇ ਚਾਰੇ ਪਾਸੇ ਨਿਗ੍ਹਾ ਰੱਖ ਰਹੇ ਸਨ ਤੇ ਆਪਣੇ ਹੱਥੀਂ ਬੰਦੂਕਾਂ ਲੋਡ ਕਰਕੇ ਖਾੜਕੂ ਸਿੰਘਾਂ ਨੂੰ ਦੇ ਰਹੇ ਸਨ।3 ਜੂਨ ਸ਼ਾਮ ਨੂੰ ਜਦੋਂ ਜਰਨਲ ਬਰਾੜ ਨੇ ਸਿਵਿਲ ਅਧਿਕਾਰੀਆਂ ਨੂੰ ਦੀ ਮੀਟਿੰਗ ਸੱਦੀ।
ਜਿਸ ‘ਚ ਮੌਕਾ ਦਾ ਅੰਮ੍ਰਿਤਸਰ ਦਾ ਡੀਸੀ ਗੁਰਦੇਵ ਸਿੰਘ, ਬੀਐੱਸਐੱਫ ਅਧਿਕਾਰੀ, ਸੀਆਰਪੀਐੱਫ ਪੰਜਾਬ ਪੁਲਿਸ ‘ਤੇ ਇੰਟੈਲੀਜੈਂਸ ਦੇ ਅਫ਼ਸਰਾਂ ਨੂੰ ਬੁਲਾਇਆ ਗਿਆ।ਬਰਾੜ ਨੇ ਕਿਹਾ ਕਿ ਅਸੀਂ ਦੋ ਘੰਟਿਆਂ ‘ਚ ਉਨ੍ਹਾਂ ਤੋਂ ਆਤਮ ਸਮਰਪਣ ਕਰਵਾ ਲਵਾਂਗੇ।ਪਰ ਡੀ.ਸੀ ਗੁਰਦੇਵ ਸਿੰਘ ਨੇ ਕਿਹਾ ਜਿੱਥੋਂ ਮੈਂ ਸੰਤ ਭਿੰਡਰਾਂਵਾਲਿਆਂ ਨੂੰ ਜਾਣਦਾ ਹਾਂ, ਉਹ ਕਦੇ ਵੀ ਆਤਮ ਸਮਰਪਣ ਨਹੀਂ ਕਰਨਗੇ।
ਕਿਹਾ ਜਾਂਦਾ ਹੈ ਕਿ ਇਹ ਗੱਲ ਸੁਣ ਕੇ ਜਰਨਲ ਬਰਾੜ ਤਾਅ ‘ਚ ਆ ਗਿਆ।ਉਸ ਨੇ ਕਿਹਾ ਜਦੋਂ ਟੈਂਕਾਂ ਦੀ ਆਵਾਜ਼ ਗੜਬੜਾਹਟ ਸੁਣਦੀ, ਜਦੋਂ ਆਰਮੀ ਦੇ ਜਹਾਜ਼ ਆਸਮਾਨ ਦੀ ਹਿੱਕ ਚੀਰਦੇ ਹਨ ਤਾਂ ਵੱਡਿਆ ਵੱਡਿਆਂ ਦੀਆਂ ਲੱਤਾਂ ਕੰਬ ਜਾਂਦੀਆਂ ਹਨ।ਤੁਹਾਡੇ ਸਾਹਮਣੇ ਮੈਂ ਇਨ੍ਹਾਂ ਤੋਂ 2 ਘੰਟਿਆਂ ‘ਚ ਆਤਮ ਸਮਰਪਣ ਕਰਵਾ ਲੈਣਾ।ਉਸ ਰਾਤ ਉਨ੍ਹਾਂ ਵਲੋਂ ਅੰਮ੍ਰਿਤਸਰ ਦਾ ਡੀਸੀ ਬਦਲ ਕੇ ਰਮੇਸ਼ ਇੰਦਰ ਨੂੰ ਲਿਆਂਦਾ ਗਿਆ।(ਚੱਲਦਾ)
(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)
-ਰਾਜਵੀਰ ਸਿੰਘ