1 ਜੂਨ 1984
1984 ਉਹ ਦਰਦਨਾਕ ਸਾਲ ਜਿਸਦੀ ਚੀਸ ਅੱਜ ਵੀ ਸਿੱਖ ਕੌਮ ਦੇ ਸੀਨੇ ‘ਚ ਉਸੇ ਤਰਾਂ ਜਵਾਨ ਹੈ। ਕਈ ਦਹਾਕੇ ਲੰਘਣ ਤੋਂ ਬਾਅਦ ਵੀ ਸਿੱਖ ਕੌਮ ਦੇ ਸੀਨੇ ਚ ਇਹ ਦਰਦ ਉਸੇ ਤਰਾਂ ਸੁਲਘਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਦਹਾਕੇ ਲੰਘ ਗਏ ਪਰ ਇਨਸਾਫ ਅਜੇ ਤੱਕ ਅਦਾਲਤਾਂ ਦੀਆਂ ਫਾਈਲਾਂ ‘ਚ ਪਿਆ। ਹਜ਼ਾਰਾਂ ਨਿਰਦੋਸ਼ ਸਿੱਖ ਜੋ 1984 ਦੀ ਉਸ ਫੌਜੀ ਕਾਰਵਾਈ ਦਾ ਸ਼ਿਕਾਰ ਹੋਏ ਤੇ ਕਈ ਦੋਸ਼ੀ ਅੱਜ ਵੀ ਆਜ਼ਾਦ ਘੁੱਮਦੇ ਨੇ । ਜਿਸਨੇ ਹਰ ਸਿੱਖ ਦੇ ਸੀਨੇ ਚ ਅਜਿਹੀ ਚਿਣਗ ਬਾਲ ਦਿੱਤੀ ਜਿਸਦਾ ਸੰਤਾਪ ਬਾਅਦ ਵਿਚ ਕਈ ਦਹਾਕਿਆਂ ਤੱਕ ਪੰਜਾਬ ਦੀ ਜਵਾਨੀ ਨੇ ਭੋਗਿਆ ਤੇ ਅੱਜ ਵੀ ਭੋਗ ਰਹੀ ਹੈ ।
1 ਜੂਨ 1984 ਉਹ ਦਿਨ ਜਦੋਂ CRPF ਨੇ ਸ੍ਰੀ ਦਰਬਾਰ ਸਾਹਿਬ ਕੰਪਲੇਕ੍ਸ ਚ ਪਹਿਲੀ ਫਾਇਰਿੰਗ ਸ਼ੁਰੂ ਕੀਤੀ। ਦੁਪਹਿਰ 12 ਵਜੇ ਇਹ ਫਾਇਰਿੰਗ ਸ਼ੁਰੂ ਹੋਈ ਜੋ ਬਿਨਾ ਰੁਕੇ ਲਗਾਤਰ 8 ਘੰਟੇ ਚਲਦੀ ਰਹੀ, ਇਸ ਫਾਇਰਿੰਗ ‘ਚ 11 ਲੋਕਾਂ ਦੀ ਮੌਤ ਹੋਈ। ਜਿਨ੍ਹਾਂ ਚ ਇੱਕ ਬਿਰਧ , ਇੱਕ ਬੱਚਾ ਤੇ ਇੱਕ ਔਰਤ ਵੀ ਸ਼ਾਮਿਲ ਸੀ।
ਇਹ ਫਾਇਰਿੰਗ ਖਾੜਕੂ ਸਿੰਘਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਕਰਨ ਲਈ ਕੀਤੀ ਕਿ ਕਿਥੋਂ-ਕਿੱਥੋਂ ਕਿਹੜੀ ਗੋਲੀ ਆ ਰਹੀ ਹੈ। ਦੂਜਾ ਕਾਰਨ ਸੀ ਕਿ ਪਤਾ ਲੱਗ ਜਾਵੇ ਕਿ ਖਾੜਕੂਆਂ ਸਿੰਘਾਂ ਕੋਲ ਕਿਹੜੇ-ਕਿਹੜੇ ਹਥਿਆਰ ਹਨ ਤੇ ਕਿੰਨੀ ਕੁ ਟਰੇਨਿੰਗ ਵਾਲੇ ਲੜਾਕੇ ਹਨ । ਇਸ ਫਾਇਰਿੰਗ ਦਾ ਮਕਸਦ ਇਹ ਵੀ ਦੱਸਿਆ ਜਾਂਦਾ ਹੈ ਕਿ ਤਾਬੜਤੋੜ ਫਾਇਰਿੰਗ ਕਰਕੇ ਖਾੜਕੂਆਂ ਤੇ ਪ੍ਰਭਾਵ ਪਾ ਲਿਆ ਜਾਵੇ ਤਾਂ ਜੋ ਕਮਜ਼ੋਰ ਉਹ ਮੋਰਚੇ ਛੱਡਕੇ ਭੱਜ ਜਾਣ ਜਾਂ ਆਤਮ ਸਮਰਪਣ ਕਰ ਦੇਣ।
1 ਜੂਨ ਨੂੰ ਹੀ ਬਹੁਤ ਸਾਰੇ ਸ਼ਰਧਾਲੂ ਵੀ ਪਹੁੰਚਣੇ ਸ਼ੁਰੂ ਹੋ ਗਏ ਸੀ ਕਿਉਂਕਿ 3 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਇਸ ਤੋਂ ਇਲਾਵਾ ਅਕਾਲੀਆਂ ਦਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਜਿਸ ‘ਚ ਗ੍ਰਿਫਤਾਰੀ ਦੇਣ ਲਈ 500 ਅਕਾਲੀਆਂ ਦਾ ਜਥਾ ਪਹਿਲਾਂ ਹੀ ਮੌਜੂਦ ਸੀ। ਬੰਗਲਾਦੇਸ਼ ਦੇ ਸੈਂਕੜੇ ਲੋਕਾਂ ਨੇ ਸ਼ਰਨ ਲਈ ਹੋਈ ਸੀ ਜੋ ਸਿਰਫ ਗੁਰੂ ਰਾਮਦਾਸ ਲੰਗਰ ‘ਚ ਲੰਗਰ ਛਕ ਕੇ ਦਿਨ ਕੱਟ ਰਹੇ ਸੀ।
ਇਸ ਘਟਨਾ ਬਾਰੇ ਉਸ ਮੌਕੇ ਦੇ ਚਸ਼ਮਦੀਦ ਦੱਸਦੇ ਨੇ ਕਿ ਕਿਸੇ ਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ। ਦਰਬਾਰ ਸਾਹਿਬ ‘ਚ ਹਜ਼ਾਰਾਂ ਦੀ ਗਿਣਤੀ ਚ ਸੰਗਤ ਮੌਜੂਦ ਸੀ। SGPC ਦੇ ਕਰਮਚਾਰੀ ਤੇ ਉਨ੍ਹਾਂ ਦੀ ਰਿਹਾਇਸ਼ ਵੀ ਸ੍ਰੀ ਹਰਿਮੰਦਰ ਸਾਹਿਬ ਚ ਸੀ ਜਾਂ ਆਸੇ-ਪਾਸੇ ਸੀ। ਘੇਰਾ ਪੈਣ ਕਰਕੇ ਸਾਰੇ ਘਿਰ ਗਏ ਸੀ। ਫੌਜ ਪਹੁੰਚਣੀ ਸ਼ੁਰੂ ਹੋ ਗਈ। ਲੋਕਾਂ ਵਿਚ ਪ੍ਰਚਾਰਿਆ ਗਿਆ ਸੀ ਕਿ ਹਰਿਮੰਦਰ ਸਾਹਿਬ ‘ਚ ਅੱਤਵਾਦੀ ਗਤੀਵਿਧੀਆਂ ਹੋ ਰਹੀਆਂ ਨੇ ਤੇ ਹਾਲਾਤ ਸਿਵਲ ਪ੍ਰਸ਼ਾਸ਼ਨ ਦੇ ਹੱਥੋਂ ਬਾਹਰ ਨੇ ਤੇ ਫੌਜ ਪ੍ਰਸ਼ਾਸ਼ਨ ਦੀ ਮਦਦ ਲਈ ਆਈ ਹੈ।
1 ਜੂਨ ਨੂੰ ਹੀ K S ਬਰਾੜ ਨੂੰ CRPF, ਪੰਜਾਬ ਪੁਲਿਸ ਤੇ BSF ਦੀ ਕਮਾਨ ਸੰਭਾਲ ਦਿੱਤੀ ਤੇ ਇੱਕ ਹਿਸਾਬ ਨਾਲ ਸਾਰੇ ਅਧਿਕਾਰ ਹੀ ਫੌਜ ਨੂੰ ਦੇ ਦਿੱਤੇ। ਪਰ ਰਸਮੀ ਤੌਰ ਤੇ ਫੌਜ ਨੇ 2 ਜੂਨ ਨੂੰ ਸਾਰੇ ਅਧਿਕਾਰ ਲਏ।ਜਨਰਲ ਬਰਾੜ ਨੂੰ ਫੌਜੀ ਹਮਲੇ ਦਾ ਸਾਰਾ ਇੰਚਾਰਜ ਦਿੱਤਾ ਗਿਆ। ਜਨਰਲ ਰਣਜੀਤ ਦਿਆਲ ਨੂੰ ਸਰਕਾਰ ਦਾ ਸਾਰਾ ਪ੍ਰਬੰਧ ਦਿੱਤਾ ਗਿਆ। ਕੇ ਗੌਰੀ ਸ਼ੰਕਰ ਨੂੰ ਖੇਮਕਰਨ ਤੋਂ ਜੰਮੂ ਤੱਕ ਬਾਰਡਰ ਸੀਲ ਕਰਨ ਜ਼ਿੰਮੇਵਰੀ ਦਿੱਤੀ ਗਈ। ਬੜੀ ਬਰੀਕੀ ਦੇ ਵਿਚ ਇਹ ਸਾਰੀ ਪਲਾਨਿੰਗ ਕੀਤੀ ਗਈ।
ਜਨਰਲ ਬਰਾੜ ਮੁਤਾਬਿਕ ਉਸ ਦਿਨ ਕੋਈ ਨਹੀਂ ਸੁੱਤਾ। ਲਗਾਤਾਰ ਮੀਟਿੰਗਾਂ ਹੁੰਦੀਆਂ ਗਈਆਂ ਤੇ ਫੌਜ ਆਉਂਦੀ ਗਈ….(ਚੱਲਦਾ)
(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)
-ਰਾਜਵੀਰ ਸਿੰਘ