4 ਜੂਨ 1984 ਦੀ ਸਵੇਰ ਨੂੰ ਸਵੇਰੇ 4 ਵਜੇ ਦੇ ਕਰੀਬ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਤਾਬੜ-ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਫਾਇਰਿੰਗ ਸਾਰਾ ਦਿਨ ਚੱਲਦੀ ਰਹੀ।
4 ਦੀ ਰਾਤ ਨੂੰ ਬੁੰਗਿਆਂ ਦੇ ਉੱਪਰ ਲੱਗੇ ਮੋਰਚੇ ਭੰਨਣ ਲਈ ਤੋਪ ਬਿਲਡਿੰਗ ਤੇ ਚੜ੍ਹਾਈ ਗਈ। ਬਰਾੜ ਨੇ ਆਪਣੇ ਅਫਸਰ E W ਫ਼ਰਨਾਂਡਿਸ ਦੀ ਜਿੰਮੇਵਾਰੀ ਇਨ੍ਹਾਂ ਉੱਚੇ ਲੱਗੇ ਮੋਰਚਿਆਂ ਨੂੰ ਭੰਨਣ ਦੀ ਲਾਈ। ਇਸੇ ਤੋਪ ਨਾਲ 9 ਵਜੇ ਦੇ ਕਰੀਬ ਫੌਜ ਨੇ ਬੁੰਗਿਆਂ ਵਾਲੇ ਮੋਰਚਿਆਂ ਵੱਲ ਗੋਲੇ ਦਾਗੇ ਤੇ 12:30 ਦੇ ਕਰੀਬ ਪਾਣੀ ਵਾਲੀ ਟੈਂਕੀ ਦਾ ਮੋਰਚਾ ਉਡਾਇਆ। ਟੈਂਪਲ ਵਿਉ ਤੇ ਬ੍ਰਹਮ ਬੂਟਾ ਅਖਾੜੇ ਦੇ ਮੋਰਚਿਆਂ ਤੇ BSF ਅਤੇ CRPF ਨੇ ਕਬਜ਼ਾ ਕਰ ਲਿਆ।
12 ਬਿਹਾਰ ਬਟਾਲੀਅਨ ਨਾਕੇਬੰਦੀ ਲਈ ਰੱਖੀ ਗਈ ਸੀ । ਘੰਟਾ ਘਰ ਵਾਲੀ ਡਿਉੜੀ ਵੱਲੋਂ 1 ਇਨਫੈਂਟਰੀ ਬਟਾਲੀਅਨ, ਇੱਕ ਕੰਪਨੀ ਪੈਰਾ-ਕਮਾਂਡੋਜ਼ ਦੀ ਤੇ ਇੱਕ ਕੰਪਨੀ ਸਪੈਸ਼ਲ ਫਰੰਟੀਅਰ ਫੋਰਸ ਦੀ ਚੋਣ ਕੀਤੀ ਗਈ। ਇਹਨਾਂ ਨੇ ਘੰਟਾ-ਘਰ ਗੇਟ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਤੱਕ ਸਾਰੇ ਕਮਰਿਆਂ ਤੇ ਕਬਜ਼ਾ ਕਰਨਾ ਸੀ ਤਾਂ ਜੋ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਿਆ ਜਾ ਸਕੇ। ਇੱਕ ਬਟਾਲੀਅਨ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਵਾਲੇ ਗੇਟ ਤੋਂ ਅੰਦਰ ਆਉਣ ਲਈ ਤੇ ਇੱਕ ਲੰਗਰ ਹਾਲ ਵਾਲੇ ਪਾਸੇ ਤੋਂ ਅੰਦਰ ਆਉਣ ਲਈ ਰੱਖੀ ਸੀ। ਇੱਕ ਬਟਾਲੀਅਨ ਪਠਾਨਕੋਟ ਤੋਂ ਲਿਆਕੇ ਰਾਖਵੀਂ ਰੱਖੀ ਗਈ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ।
ਇਸ ਸਾਰੇ ਵਰਤਾਰੇ ਤੋਂ ਬਾਅਦ KS ਬਰਾੜ ਨੂੰ ਆਸ ਸੀ ਕਿ ਸੰਤ ਆਪਣੇ ਸਾਥੀਆਂ ਸਮੇਤ ਆਤਮ-ਸਮਰਪਣ ਕਰ ਦੇਣਗੇ। ਸਾਰੇ ਦਰਬਾਰ ਸਾਹਿਬ ਕੈਂਪਲੇਕ੍ਸ ਦੇ ‘ਚ ਨਾ ਬਿਜਲੀ ਤੇ ਨਾ ਪਾਣੀ ਰਿਹਾ। ਫੋਨ ਤੇ ਅਖਬਾਰਾਂ ਤਾਂ ਪਹਿਲਾਂ ਹੀ ਬੰਦ ਕੀਤੀਆਂ ਗਈਆਂ ਸਨ। ਪੰਜਾਬ ‘ਚ ਨਾ ਕੋਈ ਖਬਰ ਆਉਂਦੀ ਤੇ ਨਾ ਹੀ ਕੋਈ ਜਾਂਦੀ। ਇਸੇ ਸਵੇਰ ਹੀ ਸੰਤ ਜਰਨੈਲ ਸਿੰਘ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਖਰੀ ਮੁਲਾਕਾਤ ਹੋਈ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਤੇ ਟੌਹੜਾ ਦੀ ਉਸ ਵੇਲੇ ਅਚਾਨਕ ਮੁਲਾਕਾਤ ਹੋਈ ਜਦੋਂ ਅੰਮ੍ਰਿਤ ਵੇਲੇ ਸਰੋਵਰ ਵਿੱਚ ਇਸ਼ਨਾਨ ਕਰਨ ਪਹੁੰਚੇ। ਸੰਤਾਂ ਨੇ ਗੁਰਚਰਨ ਸਿੰਘ ਟੌਹੜਾ ਨੂੰ ਕੋਲ ਬਿਠਾਇਆ ਤੇ ਕਿਹਾ ਕਿ
ਤੁਹਾਨੂੰ ਬਾਹਰ ਕੱਢ ਦਈਏ ?
ਤਾਂ ਟੋਹੜਾ ਨੇ ਕਿਹਾ ਕਿ ਕੀ ਕਰਾਂਗੇ ਬਾਹਰ ਨਿੱਕਲ ਕੇ।
ਸੰਤਾਂ ਨੇ ਕਿਹਾ ਕਿ ਇੱਥੋਂ ਨਹੀਂ ਦੇਸ਼ ਚੋਂ !
ਜਥੇਦਾਰ ਟੋਹੜਾ ਨੇ ਕਿਹਾ ਕਿੱਥੇ ?
ਸੰਤਾਂ ਨੇ ਕਿਹਾ ਗਵਾਂਢ ‘ਚ ਹੀ ਭੇਜਾਂਗੇ।
ਟੋਹੜਾ ਨੇ ਕਿਹਾ ਕਿ ਮੈਂ ਉੱਥੇ ਕਰਾਂਗਾ ਕੀ ?
ਸੰਤਾਂ ਨੇ ਕਿਹਾ ਕੌਮ ਦੇ ਅਗਲੇ ਸੰਘਰਸ਼ ਦੀ ਅਗਵਾਈ।
ਤਾਂ ਟੋਹੜਾ ਨੇ ਕਿਹਾ ਕਿ ਜੇ ਆਹ ਕਾਮ ਕਰਨਾ ਤਾਂ ਤੁਸੀਂ ਅਗਵਾਈ ਕਰੋ, ਮੈਂ ਨਹੀਂ ਤੁਸੀਂ ਜਾਓ। ਮੇਰੀ ਅਗਵਾਈ ਕੌਣ ਮੰਨੇਗਾ ?
ਸੰਤਾਂ ਨੇ ਕਿਹਾ ਕਿ ਮੈਂ ਨਹੀਂ, ਮੈਂ ਤਾਂ ਅਰਦਾਸ ਕੀਤੀ ਹੋਇਆ ਹੈ ਤੇ ਮੈਂ ਤਾਂ ਇੱਥੇ ਹੀ ਆਪਣਾ ਸੀਸ ਦੇਣਾ।
ਟੋਹੜਾ ਨੇ ਕਿਹਾ ਹੁਣ ਤੁਹਾਡੀ ਮਰਜ਼ੀ ਥੋੜ੍ਹਾ ਚੱਲੇਗੀ। ਮੈਂ ਹੁਣੇ 5 ਸਿੰਘ ਸਾਹਿਬਾਨ ਲਿਆਉਨਾ ਤੇ ਉਹ ਤੁਹਾਨੂੰ ਹੁਕਮ ਦੇਣਗੇ।
ਤਾਂ ਸੰਤਾਂ ਨੇ ਜੱਫੀ ਪਾ ਕੇ ਕਿਹਾ, ਨਾ ਤੁਸੀਂ ਜਾਓ ਤੇ ਨਾ ਮੈਂ ਜਾਵਾਂਗਾ । ਤੇ ਫੇਰ ਹੋ ਰਸਮੀ ਗੱਲਾਂ ਹੋਈਆਂ… ( ਚੱਲਦਾ )
(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)
-ਰਾਜਵੀਰ ਸਿੰਘ