ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ।ਪੁਲਿਸ ਨੇ 2 ਸ਼ੁਟਰਾਂ ਸਮੇਤ 5 ਹੋਰ ਵਿਅਕਤੀ ਫੜੇ ਹਨ।ਕ੍ਰਾਈਮ ਕੇਸ ‘ਚ ਵਰਤੇ ਗਏ 7 ਹਥਿਆਰ ਤੇ 3 ਵਹੀਕਲ ਬ੍ਰਾਮਦ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸ ਕੇਸ ਦੀ ਸ਼ਾਜਿਸ ਕਰਨ ਵਾਲੇ 4 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਸਵਪਨ ਸ਼ਰਮਾ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ‘ਚ 5 ਹੋਰ ਵਿਅਕਤੀਆਂ ਸਮੇਤ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਿਸ ਨਾਲ ਕੁੱਲ ਗਿਣਤੀ 9 ਹੋ ਗਈ ਹੈ।ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੌਜ਼ੀ ਵਾਸੀ ਬੁਲੰਦਸਰ, ਵਿਕਾਸ ਮਾਹਲੇ ਵਾਸੀ ਗੁੜਗਾਓ, ਹਰਿਆਣਾ, ਸਚਿਨ ਧੂਲਿਆ ਵਾਸੀ ਅਲਵਰ,ਰਾਜਸਥਾਨ,ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਪੀਲੀਭੀਤ,ਯੂ.ਪੀ. ਵਜੋਂ ਹੋਈ ਹੈ।
ਪੁਲਿਸ ਵਲੋਂ ਇਨ੍ਹਾਂ ਪਾਸੋਂ 7 ਪਿਸਤੌਲ ਸਮੇਤ 5 ਵਿਦੇਸ਼ੀ 30 ਬੋਰ ਪਿਸਤੌਲ ਤੇ ਦੋ 315 ਬੋਰ ਕੰਟਰੀਮੇਡ ਪਿਸਤੌਲ ਤੇ 3 ਵਹੀਕਲ ਸਮੇਤ ਮਹਿੰਦਰਾ ਐਕਸ ਯੂਵੀ ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ।ਦੱਸ ਦੇਈਏ ਕਿ 14 ਮਾਰਚ 2022 ਨੂੰ ਸ਼ਾਮ 6 ਵਜੇ ਦੇ ਕਰੀਬ ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀਆਂ ਗਈਆਂ ਹਨ।