ਮਰਹੂਮ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਭੋਗ ਅੰਤਿਮ ਅਰਦਾਸ ਅੱਜ ਮਾਨਸਾ ਦੀ ਦਾਣਾ ਮੰਡੀ ਵਿਖੇ ਪਾਇਆ ਗਿਆ।ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਲੋਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ‘ਚ ਸੰਘਰਸ਼ ਕੀਤਾ।ਕਿਵੇਂ ਉਹ ਸਕੂਲ ਤੋਂ ਕਾਲਜ ਤੋਂ ਕੈਨੇਡਾ ਦੀ ਧਰਤੀ ਤੇ ਪਹੁੰਚਿਆ।
ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਬੇਹੱਦ ਭਰੇ ਮਨ ਨਾਲ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਉਨਾਂ ਦਾ ਬੱਚਾ ਉਨ੍ਹਾਂ ਨੂੰ ਭੋਰਾ ਵੀ ਤੰਗ ਪ੍ਰੇਸ਼ਾਨ ਨਹੀਂ ਕਰਦਾ ਸੀ।ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਮੇਰੇ ਬੱਚੇ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ।ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਲੱਖਾਂ ਚਾਹੁਣ ਵਾਲੇ, ਸਮਰਥਕ, ਕਰੀਬੀ, ਰਿਸ਼ਤੇਦਾਰ, ਕਲਾਕਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ।ਮਾਨਸਾ ਦਾਣਾ ਤੇ ਪਿੰਡ ਮੂਸਾ ਦੀ ਧਰਤੀ ‘ਤੇ ਅੱਜ ਤਿਲ ਸੁੱਟਣ ਦੀ ਥਾਂ ਨਹੀਂ ਸੀ।
ਹਰ ਕੋਈ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ।ਹਰ ਕੋਈ ਆਪਣੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਨੂੰ ਅੰਤਿਮ ਸ਼ਰਧਾਂਜਲੀ ਦੇ ਰਹੇ ਹਨ।ਸਿੱਧੂ ਮੂਸੇਵਾਲਾ ਦੀਆਂ ਟੀ-ਸ਼ਰਟਾਂ ‘ਤੇ ਫੋਟੋਆਂ, ਬਾਹਾਂ ‘ਤੇ ਸਿੱਧੂ ਮੂਸੇਵਾਲਾ ਦੇ ਟੈਟੂ, 5911 ਟਰੈਕਟਰ ਰਾਹੀਂ ਸਿੱਧੂ ਮੂਸੇਵਾਲਾ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।ਕਈ ਨੌਜਵਾਨ ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਸਿਰ ‘ਤੇ ਦਸਤਾਰਾਂ ਸਜਾ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
ਦੱਸਣਯੋਗ ਹੈ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਵੀ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ ਅੰਤਿਮ ਅਰਦਾਸ ‘ਚ ਨੌਜਵਾਨ ਦਸਤਾਰਾਂ ਸਜਾ ਕੇ ਪਹੁੰਚਣ।ਜੋ ਕਿ ਸਿੱਧੂ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਦੱਸਣਯੋਗ ਹੈ ਕਿ 29 ਮਈ ਐਤਵਾਰ ਨੂੰ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਜੋ ਕਿ ਸਿੱਧੂ ਦੇ ਮਾਪਿਆਂ ਲਈ ਪੰਜਾਬ, ਪੰਜਾਬੀ ਇੰਡਸਟਰੀ ਲਈ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਸੀ।