ਗੈਂਗਸਟਰ ਬਣੇ ਅੱਤਵਾਦੀ ਹਰਵਿੰਦਰ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਆਪਣੀ ਸਿਫਾਰਿਸ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਭੇਜ ਦਿੱਤੀ ਹੈ। ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਬੈਠਾ ਹੈ। ਉਥੋਂ ਉਹ ਹਥਿਆਰ ਪੰਜਾਬ ਭੇਜ ਰਿਹਾ ਹੈ ਅਤੇ ਪੁਲਿਸ ਅਤੇ ਫੌਜ ਦੇ ਸੁਰੱਖਿਆ ਠਿਕਾਣਿਆਂ ‘ਤੇ ਹਮਲੇ ਕਰ ਰਿਹਾ ਹੈ।
ਰਿੰਦਾ ਦਾ ਨਾਂ ਹਾਲ ਹੀ ‘ਚ ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ‘ਚ ਸਾਹਮਣੇ ਆਇਆ ਸੀ। ਉਹ ਪੰਜਾਬ ਪੁਲਿਸ ਦੀਆਂ ਫਾਈਲਾਂ ਵਿੱਚ ਮੋਸਟ ਵਾਂਟੇਡ ਵਜੋਂ ਦਰਜ ਹੈ। ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਵਿਦੇਸ਼ ਮੰਤਰਾਲੇ ਰਾਹੀਂ ਰਿੰਦਾ ਦੀ ਹਵਾਲਗੀ ਲਈ ਯਤਨ ਕੀਤੇ ਜਾਣਗੇ।
ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਹੈ। ਉੱਥੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਸਮਰਥਨ ਹਾਸਲ ਹੈ। ਉਹ ਭਾਰਤ ਵਿੱਚ ਭਾਰੀ ਮਾਤਰਾ ਵਿੱਚ ਅਸਲਾ ਅਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ। ਉਸਨੇ ਪੰਜਾਬ ਵਿੱਚ ਕਈ ਅੱਤਵਾਦੀ ਮਾਡਿਊਲ ਤਿਆਰ ਕੀਤੇ। ਜਿਸ ਰਾਹੀਂ ਉਹ ਧਮਾਕਿਆਂ ਨੂੰ ਅੰਜਾਮ ਦੇ ਰਿਹਾ ਹੈ।
ਹਰਵਿੰਦਰ ਰਿੰਦਾ ਨੇ ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਉਹ ਨਵਾਂਸ਼ਹਿਰ, ਆਨੰਦਪੁਰ ਸਾਹਿਬ ਦੇ ਸੀਆਈਏ ਦਫ਼ਤਰ ਅਤੇ ਪੁਲੀਸ ਚੌਕੀ ਕਾਹਲਵਾਂ ਵਿੱਚ ਆਈਈਡੀ ਹਮਲੇ ਕਰ ਚੁੱਕਾ ਹੈ।