ਆਈਫੋਨ ਬਣਾਉਣ ਵਾਲੀ ਦਿੱਗਜ ਕੰਪਨੀ ਐਪਲ ਨੂੰ ਯੂਰਪੀ ਯੂਨੀਅਨ ਨੇ ਜ਼ਬਰਦਸਤ ਝਟਕਾ ਦਿੱਤਾ ਹੈ। ਯੂਰਪੀ ਯੂਨੀਅਨ ਦੇ ਦੇਸ਼ਾਂ ਅਤੇ ਲਾਅਮੇਕਰਜ਼ ’ਚ ਮੰਗਲਵਾਰ ਇਸ ਗੱਲ ਦੀ ਸਹਿਮਤੀ ਬਣੀ ਹੈ ਕਿ ਮੋਬਾਇਲ ਫੋਨ, ਟੈਬਲੇਟਸ ਅਤੇ ਕੈਮਰੇ ਦਾ ਚਾਰਜਿੰਗ ਪੋਰਟ ਇਕ ਹੀ ਹੋਵੇਗਾ। ਇਹ ਦੁਨੀਆ ’ਚ ਪਹਿਲੀ ਵਾਰ ਹੈ ਕਿ ਕੰਪਨੀ ਆਪਣੇ ਡਿਵਾਈਸ ’ਚ ਕਿਹੜਾ ਚਾਰਜਿੰਗ ਪੋਰਟ ਲਗਾਏ, ਅਧਿਕਾਰਤ ਆਦੇਸ਼ ਰਾਹੀਂ ਤੈਅ ਹੋਵੇਗਾ। ਯੂਰਪੀ ਯੂਨੀਅਨ ਦੇ ਇਸ ਫੈਸਲੇ ਨਾਲ ਐਪਲ 2024 ਤੋਂ ਜੋ ਵੀ ਆਈਫੋਨ ਯੂਰਪ ’ਚ ਵੇਚੇਗੀ, ਉਸਦੇ ਕਨੈਕਟਰ ’ਚ ਬਦਲਾਅ ਕਰਨਾ ਹੋਵੇਗਾ। ਯੂਰਪੀ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਉਪਭੋਗਤਾਵਾਂ ਦੀ ਜ਼ਿੰਦਗੀ ਆਸਾਨ ਹੋਵੇਗੀ ਅਤੇ ਉਨ੍ਹਾਂ ਦੇ ਪੈਸੇ ਬਚਣਗੇ।
ਐਪਲ ਨੂੰ ਲੱਗੇਗਾ ਸਭ ਤੋਂ ਵੱਡਾ ਝਟਕਾ
ਇਸ ਕਾਨੂੰਨ ਨਾਲ ਐਂਡਰਾਇਡ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਕੋਈ ਖ਼ਾਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਇਸਦੇ ਚਲਦੇ ਐਪਲ ਕੰਪਨੀ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਦਰਅਸਲ, ਐਪਲ ਸਾਲਾਂ ਤੋਂ ਆਪਣੇ ਆਈਫੋਨਾਂ, ਆਈਪੈਡ, ਏਅਰਪੌਡਸ ਅਤੇ ਕਈ ਦੂਜੀ ਅਸੈਸਰੀਜ਼ ਲਈ ਆਪਣੇ ਲਾਈਟਨਿੰਗ ਪੋਰਟ ਦਾ ਇਸਤੇਮਾਲ ਕਰਦੀ ਆਈ ਹੈ। ਉਹ ਆਪਣੇ ਡਿਵਾਈਸ ਦੇ ਚਾਰਜਰ ਬਾਕੀਆਂ ਤੋਂ ਨਾ ਸਿਰਫ ਵੱਖਰਾ ਰੱਖਦੀ ਹੈ ਸਗੋਂ ਉਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ। ਅਜਿਹੇ ’ਚ ਈ.ਯੂ. ਦਾ ਇਹ ਫੈਸਲਾ ਐਪਲ ਲਈ ਚੁਣੌਤੀਆਂ ਨਾਲ ਭਰਿਆ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ’ਚ ਐਪਲ ਨੂੰ ਆਪਣੇ ਸਾਰੇ ਆਈਫੋਨ ਮਾਡਲਾਂ ਨੂੰ ਯੂ.ਐੱਸ.ਬੀ.-ਸੀ ਪੋਰਟ ਨਾਲ ਪੇਸ਼ ਕਰਨਾ ਪਵੇਗਾ।