ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਇੱਕ ਹੋਰ ਸ਼ਾਰਪ ਸ਼ੂਟਰ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲਿਆ ਹੈ । ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਰਾਣੂ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਖੁਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ । ਰਾਣੂ ਦਾ ਨਾਂ ਉਨ੍ਹਾਂ 8 ਸ਼ਾਰਪ ਸ਼ੂਟਰਾਂ ਦੀ ਸੂਚੀ ਵਿੱਚ ਸ਼ਾਮਿਲ ਸੀ, ਜਿਨ੍ਹਾਂ ਦੀ ਪਛਾਣ ਦਿੱਲੀ ਸਪੈਸ਼ਲ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਬੇਨਕਾਬ ਕੀਤੀ ਸੀ।
ਬਠਿੰਡਾ ਵਾਸੀ ਹਰਕਮਲ ਰਾਣੂ ਦੇ ਦਾਦਾ ਗੁਰਚਰਨ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਰਾਣੂ ਨੂੰ ਪੁਲਿਸ ਹਵਾਲੇ ਕਰਨ ਤੋਂ ਪਹਿਲਾਂ ਉਸ ਤੋਂ ਪੁੱਛਗਿੱਛ ਕੀਤੀ ਸੀ। ਰਾਣੂ ਨੇ ਸਪੱਸ਼ਟ ਕਿਹਾ ਕਿ ਭਾਵੇਂ ਪੁਲਿਸ ਨੇ ਉਸ ਦਾ ਨਾਂ ਸ਼ਾਰਪ ਸ਼ੂਟਰਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ ਪਰ ਇਸ ਮਾਮਲੇ ਵਿੱਚ ਉਸਦਾ ਕੋਈ ਲੈਣਾ-ਦੇਣਾ ਨਹੀਂ ਹੈ। ਰਾਣੂ ਦੇ ਦਾਦਾ ਨੇ ਕਿਹਾ ਕਿ ਇਹ ਜ਼ਰੂਰ ਹੈ ਕਿ ਉਹ ਨਸ਼ਾ ਕਰਦਾ ਹੈ, ਪਰ ਕਿਸੇ ਨੂੰ ਮਾਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ । ਅਸੀਂ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ, ਪਰ ਉਹ ਬੇਕਸੂਰ ਹੈ।
ਦੱਸ ਦੇਈਏ ਕਿਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਕਰਵਾਈ ਰੇਕੀ ਲਈ ਦੋਸ਼ੀ ਸੰਦੀਪ ਕੇਕੜਾ ਨੇ ਸਿਰਫ 15 ਹਜ਼ਾਰ ਰੁਪਏ ਲਏ ਸਨ। ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਸਿਰਸਾ ਜ਼ਿਲ੍ਹੇ ਦੇ ਪਿੰਡ ਕਾਲਾਂਵਾਲੀ ਦਾ ਮੁਲਜ਼ਮ ਸੰਦੀਪ ਸਿੰਘ ਉਰਫ਼ ਕੇਕੜਾ ਨਸ਼ੇ ਦਾ ਆਦੀ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਆਦੀ ਹੋਣ ਕਾਰਨ ਉਸ ਨੇ ਇਹ ਕੰਮ ਸਿਰਫ 15 ਹਜ਼ਾਰ ਰੁਪਏ ‘ਚ ਕੀਤਾ ਸੀ।