ਆਮ ਆਦਮੀ ਪਾਰਟੀ ਜੋ ਕਿ ਪੰਜਾਬ ‘ਚ ਆਮ ਲੋਕਾਂ ਦੀ ਸਰਕਾਰ ਦੇ ਤੌਰ ‘ਤੇ ਜਿੱਤੀ ਸੀ ਹੁਣ ਆਮ ਤੋਂ ਖਾਸ ਹੁੰਦੀ ਦਿਖਾਈ ਦੇ ਰਹੀ ਹੈ। ਸ਼ਾਇਦ ਹੁਣ ਮੰਤਰੀਆਂ ਨੂੰ ਆਮ ਤੋਂ ਖਾਸ ਹੋਣ ਦਾ ਭੁਲੇਖਾ ਪੈ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਦੀ ਜੋ ਕਿ ਸ਼ਰੇਆਮ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ ਹਨ।
ਉਨ੍ਹਾਂ ਦੀ ਇਕ ਵੀਡੀਓ ਦੇਖਣ ਨੂੰ ਮਿਲੀ ਹੈ ਜਿਸ ‘ਚ ਉਹ ਤੇਜ਼ ਰਫਤਾਰ ਗੱਡੀ ਦੀ ਛੱਤ ‘ਤੇ ਚੜ੍ਹ ਕੇ ਬੈਠ ਲੋਕਾਂ ਨੂੰ ਹੱਥ ਹਲਾਉਂਦੇ ਹੋਏ ਦਿਖਾਈ ਦਿੱਤੇ। ਜਿਥੇ ਉਹ ਇਸ ਸਟੰਟ ਨਾਲ ਆਪਣੀ ਜਾਨ ਨੂੰ ਖਤਰੇ ‘ਚ ਪਾ ਰਹੇ ਹਨ ਉਸਦੇ ਨਾਲ ਹੀ ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਖਤਰੇ ‘ਚ ਦਿਖਾਈ ਦੇ ਰਹੇ ਹਨ। ਸੁਰੱਖਿਆ ਕਰਮੀਆਂ ਨੇ ਵੀ ਖੁੱਦ ਨੂੰ ਖਿੜਕੀ ਰਾਹੀ ਬਾਹਰ ਕੱਢਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਦੇ ਸਕਿਊਰਿਟੀ ਗਾਰਡਾਂ ਦੀ ਜਾਨ’ਤੇ ਵੀ ਖਤਰਾਂ ਮੰਡਰਾ ਰਿਹਾ ਹੈ। ਜਿਸ ਤੋਂ ਬਾਅਦ ਟ੍ਰਾਂਸ ਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰਤੀਕੀਰਿਆ ਵੀ ਦੇਖਣ ਨੂੰ ਮਿਲੀ ਹੈ ਤੇ ਉਨ੍ਹਾਂ ਵੱਲੋਂ ਮੁਆਫੀ ਵੀ ਮੰਗ ਲਈ ਗਈ ਹੈ। ਪ੍ਰੋ-ਪੰਜਾਬ ਟੀ.ਵੀ. ‘ਤੇ ਗੱਲਬਾਤ ਦੌਰਾਨ ਮੁਆਫੀ ਮੰਗਦਿਆਂ ਉਨ੍ਹਾਂ ਕਿਹਾ ਕਿ ਇਹ ਤਿੰਨ ਮਹੀਨੇ ਪੁਰਾਣਾ ਵੀਡੀਓ ਹੈ ਜੋ ਕਿ ਇਸ ਸਮੇਂ ਵਾਇਰਲ ਹੋ ਰਿਹਾ ਹੈ। ਜੇਕਰ ਇਸ ਵੀਡੀਓ ਨਾਲ ਕੋਈ ਗਲਤ ਸੰਦੇਸ਼ ਜਾਂਦਾ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ।