ਅਮਰੀਕਾ ’ਚ ਦੋ ਸਿੱਖ ਬਜ਼ੁਰਗਾਂ ਦੀ ਯਾਦ ’ਚ ‘ਸਿੰਘ ਐਂਡ ਕੌਰ’ ਪਾਰਕ ਬਣਾਇਆ ਗਿਆ। ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਦੇ 100ਵੇਂ ਪਾਰਕ ਦਾ ਨਾਂ ਦੋ ਸਵਰਗੀ ਸਿੱਖ ਬਜ਼ੁਰਗਾਂ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਦੀ ਯਾਦ ‘ਚ ਬਣਾਈ ਗਈ ਹੈ ਜਿਨ੍ਹਾਂ ਨੂੰ ਬਿਨਾ ਵਜ੍ਹਾ 4 ਮਾਰਚ, 2011 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਦੋਵੇਂ ਬਜ਼ੁਰਗ ਤਦ ਐਲਕ ਗ੍ਰੋਵ ਦੇ ਈਸਟ ਸਟੌਕਟਨ ਬੂਲੇਵਾਰਡ ’ਚ ਸ਼ਾਮ ਦੀ ਸੈਰ ਲਈ ਘਰੋਂ ਬਾਹਰ ਨਿੱਕਲੇ ਸਨ। ਹਾਲਾਂਕਿ ਕਾਤਿਲ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ ਪਰ ਹੁਣ ਨਗਰ ਕੌਂਸਲ ਨੇ 10 ਸਾਲਾਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਸ਼ਹਿਰ ਦੇ 100ਵੇਂ ਪਾਰਕ ਦਾ ਨਾਂ ‘ਸਿੰਘ ਤੇ ਕੌਰ’ ਰੱਖਿਆ ਹੈ।
ਕੈਲੀਫ਼ੋਰਨੀਆ ਸੂਬੇ ਦੀ ਸੈਕਰਾਮੈਂਟੋ ਕਾਊਂਟੀ ’ਚ ਐਲਕ ਗ੍ਰੋਵ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਵੱਸਦੀ ਹੈ। ਇਸ ਦੌਰਾਨ ਗੁਰਮੇਜ ਸਿੰਘ ਅਟਵਾਲ ਦੇ ਪੁੱਤਰ ਕਮਲਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਹ ਸਿਰਫ਼ ਇਹੋ ਆਖਣਗੇ ਕਿ ਇਹ ਪਾਰਕ ਦੋ ਨਿਰਦੋਸ਼ ਤੇ ਮਾਸੂਮ ਆਤਮਾਵਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਸ਼ਹਿਰ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।