ਸਾਊਦੀ ਅਰਬ ਦੀ ਰਿਆਦ ਜੇਲ੍ਹ ਵਿਚ ਬੰਦ ਮੁਕਤਸਰ ਦੇ ਪਿੰਡ ਮੱਲਣ ਵਾਸੀ ਬਲਵਿੰਦਰ ਸਿੰਘ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਬਲਵਿੰਦਰ ਸਿੰਘ ਲਈ ਲੋਕਾਂ ਦੀਆਂ ਅਰਦਾਸਾਂ ਕੰਮ ਆਈਆਂ। ਹੁਣ ਬਲਵਿੰਦਰ ਸਿੰਘ ਦਾ ਸਿਰ ਕਲਮ ਨਹੀਂ ਹੋਵੇਗਾ। ਸਾਊਦੀ ਅਰਬ ‘ਚ ਸੋਮਵਾਰ ਨੂੰ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਬਲਵਿੰਦਰ ਸਿੰਘ ਦੀ ਜਾਨ ਬਚਾਉਣ ਲਈ ਇਕੱਠੀ ਕੀਤੀ ਗਈ ਦੋ ਕਰੋੜ ਦੀ ਬਲੱਡ ਮਨੀ ਸਵੀਕਾਰ ਕਰ ਲਈ ਹੈ। ਅਦਾਲਤ ਨੇ ਇਕ ਹਫਤੇ ਦੇ ਅੰਦਰ ਉਸ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਬਲਵਿੰਦਰ ਸਿੰਘ ਦੇ ਚਚੇਰੇ ਭਰਾ ਹਰਦੀਪ ਸਿੰਘ ਦੀਪਾ ਨੇ ਬੇਹੱਦ ਖ਼ੁਸ਼ੀ ਨਾਲ ਦੱਸਿਆ ਕਿ ਸਾਊਦੀ ਅਰਬ ਵਿਚ ਬਲਵਿੰਦਰ ਸਿੰਘ ਦੇ ਵਕੀਲ ਪਵਨ ਕੁਮਾਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਹੈ ਕਿ ਜਿੱਥੇ ਅਦਾਲਤ ਨੇ ਬਲੱਡ ਮਨੀ ਸਵੀਕਾਰ ਕਰ ਲਈ ਹੈ, ਉਥੇ ਮਿ੍ਤਕ ਨੌਜਵਾਨ ਦੇ ਪਰਿਵਾਰ ਵੱਲੋਂ ਵੀ ਰਾਜ਼ੀਨਾਮੇ ਦਾ ਹਲਫ਼ਨਾਮਾ ਦੇ ਦਿੱਤਾ ਗਿਆ ਹੈ। ਅਦਾਲਤ ਨੇ ਹੁਣ ਇਕ ਹਫਤੇ ਦੇ ਅੰਦਰ ਉਸ ਨੂੰ ਰਿਹਾਅ ਕਰਕੇ ਭਾਰਤ ਡਿਪੋਰਟ ਕਰਨ ਦਾ ਫ਼ੈਸਲਾ ਦਿੱਤਾ ਹੈ।
ਹਰਦੀਪ ਨੇ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਸਾਰੇ ਰਿਸ਼ਤੇਦਾਰਾਂ ਵਿਚ ਬੇਹੱਦ ਖੁਸ਼ੀ ਦਾ ਆਲਮ ਹੈ। ਕੁਝ ਦਿਨਾਂ ਬਾਅਦ ਬਲਵਿੰਦਰ ਸਿੰਘ ਉਨ੍ਹਾਂ ਦੇ ਵਿਚਕਾਰ ਭਾਰਤ ਹੋਵੇਗਾ।
ਜ਼ਿਕਰਯੋਗ ਹੈ ਕਿ ਬਲਵਿੰਦਰ ਕੰਮ ਦੀ ਭਾਲ ‘ਚ ਸਾਲ 2008 ‘ਚ ਸਾਊਦੀ ਅਰਬ ਗਿਆ ਸੀ। ਉਤੇ ਉਹ ਇਕ ਕੰਪਨੀ ਵਿਚ ਕੰਮ ਕਰਨ ਲੱਗਾ ਪਰ 2013 ਨੂੰ ਉਸ ਦੀ ਤੇ ਉਸ ਦੇ ਇਕ ਹੋਰ ਪੰਜਾਬੀ ਨੌਜਵਾਨ ਦੀ ਸਾਊਦੀ ਅਰਬ ਦੇ ਨੌਜਵਾਨ ਨਾਲ ਲੜਾਈ ਹੋ ਗਈ।
ਇਸ ਲੜਾਈ ਵਿਚ ਆਪਣੇ ਬਚਾਅ ਲਈ ਉਸ ਨੇ ਸਾਊਦੀ ਅਰਬ ਦੇ ਨੌਜਵਾਨ ‘ਤੇ ਡੰਡੇ ਨਾਲ ਵਾਰ ਕੀਤਾ ਸੀ ਜਿਸ ‘ਚ ਸਾਊਦੀ ਅਰਬ ਦਾ ਨਾਗਰਿਕ ਜ਼ਖਮੀ ਹੋ ਗਿਆ ਸੀ ਪਰ ਚਾਰ ਦਿਨਾਂ ਬਾਅਦ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਅਦਾਲਤ ਨੇ ਪਹਿਲਾਂ ਬਲਵਿੰਦਰ ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਪੂਰੀ ਹੋਣ ‘ਤੇ ਅਕਤੂਬਰ 2021 ‘ਚ ਅਦਾਲਤ ਨੇ ਉਥੋਂ ਦੇ ਕਾਨੂੰਨ ਅਨੁਸਾਰ ਉਸ ਨੂੰ 8 ਨਵੰਬਰ 2021 ਤਕ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਦੋ ਕਰੋੜ ਰੁਪਏ ਬਲੱਡ ਮਨੀ ਦੇਣ ਦਾ ਫ਼ੈਸਲਾ ਸੁਣਾਇਆ ਸੀ।
ਨਾਲ ਹੀ ਫ਼ੈਸਲਾ ਦਿੱਤਾ ਸੀ ਕਿ ਜੇ ਇਹ ਰਾਸ਼ੀ ਪੀੜਤ ਪਰਿਵਾਰ ਨੂੰ ਨਹੀਂ ਦਿੱਤੀ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਇਸ ‘ਤੇ ਬਲਵਿੰਦਰ ਨੇ ਅਪੀਲ ਦਾਇਰ ਕੀਤੀ ਸੀ ਕਿ ਇੰਨੀ ਰਾਸ਼ੀ ਉਸ ਕੋਲ ਨਹੀਂ ਹੈ। ਉਸ ਨੇ ਡੋਨੇਸ਼ਨ ਨਾਲ ਇਸ ਰਾਸ਼ੀ ਦਾ ਪ੍ਰਬੰਧ ਕਰਨਾ ਹੈ। ਇਸ ਲਈ ਉਸ ਨੂੰ ਹੋਰ ਸਮਾਂ ਦਿੱਤਾ ਜਾਵੇ ਜਿਸ ‘ਤੇ ਅਦਾਲਤ ਨੇ ਉਸ ਨੂੰ 15 ਮਈ 2022 ਤਕ ਦਾ ਸਮਾਂ ਦੇ ਦਿੱਤਾ ਸੀ। ਆਖਰ ਪਰਿਵਾਰਕ ਮੈਂਬਰਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਦੋ ਕਰੋੜ ਦੀ ਰਾਸ਼ੀ ਇਕੱਠੀ ਕੀਤੀ ਗਈ। ਆਖਰ ਕਈ ਤਰੀਕਾਂ ਤੋਂ ਬਾਅਦ ਸੋਮਵਾਰ ਨੂੰ ਫਿਰ ਤੋਂ ਸੁਣਵਾਈ ਹੋਈ ਅਤੇ ਉਕਤ ਫ਼ੈਸਲਾ ਹੋਇਆ।