ਨਿੰਮ ਦਾ ਇਸਤੇਮਾਲ ਕਈ ਸਮੇਂ ਤੋਂ ਭਾਰਤ ਵਿੱਚ ਕਈ ਬਿਮਾਰੀਆਂ ਦੇ ਇਲਾਜ ਲਈ ਇੱਕ ਔਸ਼ਧੀ ਗੁਣ ਵਜੋਂ ਵਰਤਿਆ ਜਾਂਦਾ ਰਿਹਾ ਹੈ।ਪੁਰਾਣੇ ਸਮਿਆਂ ‘ਚ ਲੋਕ ਜ਼ਿਆਦਾਤਰ ਦਵਾਈ ਦੇ ਰੂਪ ਵਜੋਂ ਨਿੰਮ ਦੀ ਹੀ ਵਰਤੋਂ ਕਰਿਆ ਕਰਦੇ ਸਨ।ਨਿੰਮ ਇੱਕ ਅਜਿਹੀ ਔਸ਼ਧੀ ਹੈ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਬਣਾਉਣ ‘ਚ ਕੀਤੀ ਜਾਂਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਸ ਦੀ ਵਰਤੋਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਰਤੋਂ ਬਾਰੇ।
ਸਕਿਨ ਟੋਨ ਲਈ: ਨਿੰਮ ਦੀਆਂ ਪੱਤੀਆਂ ਦੇ ਪਾਊਡਰ ਨੂੰ ਕੱਚੇ ਦੁੱਧ ਵਿਚ ਨਾਲ ਮਿਲਾ ਕੇ ਚਿਹਰੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਹਫਤੇ ਵਿਚ ਇਕ ਵਾਰ ਇਸ ਦੀ ਵਰਤੋਂ ਕਰੋ, ਤੁਹਾਡੀ ਚਮੜੀ ਵਿੱਚ ਕੁਦਰਤੀ ਨਿਖਾਰ ਆਉਣ ਲੱਗ ਜਾਵੇਗਾ।
ਮੁਹਾਸੇ ਦੂਰ ਕਰਨ ਲਈ : ਨਿੰਮ ਦੀਆਂ ਪੱਤੀਆਂ ਦਾ ਅਰਕ ਖੂਨ ਨੂੰ ਸਾਫ਼ ਕਰਦਾ ਹੈ, ਜਿਸ ਨਾਲ ਮੁਹਾਸੇ ਨਹੀਂ ਆਉਂਦੇ। ਸਵੇਰੇ ਉੱਠਦੇ ਹੀ ਦੋ ਚਮਚ ਨਿੰਮ ਦਾ ਅਰਕ ਅੱਧਾ ਗਲਾਸ ਪਾਣੀ ਵਿੱਚ ਮਿਲਾ ਕੇ ਖਾਲੀ ਪੇਟ ਪੀਓ।
ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਨੂੰ ਦੂਰ ਕਰਨ ਲਈ : ਇਕ ਚੱਮਚ ਨਿੰਮ ਦੀਆਂ ਪੱਤੀਆਂ ਦਾ ਪਾਊਡਰ ਲੈ ਕੇ ਇਸ ਵਿਚ ਇਕ ਚੱਮਚ ਛੋਲਿਆਂ ਦਾ ਆਟਾ ਤੇ ਇਕ ਚਮਚ ਖੱਟਾ ਦਹੀਂ ਮਿਲਾ ਕੇ ਚਿਹਰੇ ‘ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਗਿੱਲੀ ਰੂੰ ਨਾਲ ਸਾਫ਼ ਕਰ ਲਓ।
ਚਮੜੀ ਦੀ ਲਾਗ ਲਈ : ਨਿੰਮ ਦੇ ਐਂਟੀ ਬੈਕਟੀਰੀਅਲ ਤੇ ਐਂਟੀ ਫੰਗਲ ਗੁਣ ਤੁਹਾਡੀ ਚਮੜੀ ਦੀ ਰੱਖਿਆ ਕਰਦੇ ਹਨ। ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ ‘ਤੇ ਲਗਾਓ ਤੇ ਸੁੱਕਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਦਾਗ-ਧੱਬਿਆਂ ਨੂੰ ਦੂਰ ਕਰਨ ਲਈ: ਨਿੰਮ ਦੀਆਂ 10 ਤਾਜ਼ੇ ਪੱਤੀਆਂ ਨੂੰ ਗੁਲਾਬ ਜਲ ਵਿੱਚ ਪੀਸ ਕੇ ਮੁਲਤਾਨੀ ਮਿੱਟੀ ਵਿੱਚ ਮਿਲਾ ਕੇ ਲਗਾਓ। ਹੁਣ ਇਸ ਨੂੰ ਗੋਲਾਕਾਰ ਮੋਸ਼ਨ ‘ਚ ਮਾਲਿਸ਼ ਕਰੋ ਅਤੇ ਧੋ ਲਓ।
ਐਂਟੀ-ਏਜਿੰਗ ਲਈ : ਨਿੰਮ ਅਤੇ ਤਾਜ਼ੇ ਐਲੋਵੇਰਾ ਜੈੱਲ ਨੂੰ ਮਿਲਾਓ ਤੇ ਇਸ ਪੇਸਟ ਨੂੰ ਆਪਣੀ ਚਮੜੀ ‘ਤੇ ਲਗਾਓ। ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ, ਫਿਰ ਚਮੜੀ ਦੀ ਮਾਲਿਸ਼ ਕਰਦੇ ਹੋਏ ਠੰਡੇ ਪਾਣੀ ਨਾਲ ਚਿਹਰਾ ਧੋ ਲਓ।