ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ‘ਚ ਟੇਕਿਆ ਮੱਥਾ
ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਬਿਨਾਂ ਕਿਸੇ ਸੁਰੱਖਿਆ ਘੇਰੇ ਦੇ ਮੋਦੀ ਗੁਰਦੁਆਰੇ ਪੁੱਜੇ। ਸਵੇਰੇ-ਸਵੇਰੇ ਪੀ.ਐੱਮ. ਮੋਦੀ ਨੇ ਇੱਥੇ ਪਹੁੰਚ ਕੇ ਅਰਦਾਸ ਕੀਤੀ। ਪ੍ਰਧਾਨ ਮੰਤਰੀ ਇੱਥੇ ਬਿਨਾਂ ਕਿਸੇ ਸੁਰੱਖਿਆ ਰੂਟ ਤੇ ਸਪੈਸ਼ਲ ਸੁਰੱਖਿਆ ਵਿਵਸਥਾ ਦੇ ਪਹੁੰਚੇ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਪ੍ਰਧਾਨ ਮੰਤਰੀ ਮੋਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ‘ਤੇ ਟਵੀਟ ਕਰ ਦੱਸਿਆ ਕਿ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਮੈਂ ਅਰਦਾਸ ਕੀਤੀ ਹੈ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਆਦਰਸ਼ ਅਤੇ ਉਨ੍ਹਾਂ ਦੇ ਉੱਚੇ-ਸੁੱਚੇ ਬਲੀਦਾਨ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ,ਇਸ ਦੇ ਨਾਲ ਹੀ ਉੱਥੇ ਇਸ ਮੌਕੇ ਬੀਜੇਪੀ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਆਫਿਸ ਦੇ ਸੂਤਰਾਂ ਦੇ ਮੁਤਾਬਕ ਮੋਦੀ ਜਿਸ ਵੇਲੇ ਗੁਰਦੁਆਰਾ ਸਾਹਿਬ ਗਏ ਉਸ ਵੇਲੇ ਸੜਕਾਂ ਉੱਤੇ ਕਿਸੇ ਤਰ੍ਹਾਂ ਦਾ ਪੁਲਿਸ ਬੰਦੋਬਸਤ ਨਹੀਂ ਸੀ ਕੀਤਾ ਗਿਆ। ਲੋਕਾਂ ਦੀ ਸੁਵਿਧਾ ਵੇਖਦੇ ਹੋਏ ਬੈਰੀਕੇਡ ਨਹੀਂ ਲਗਾਏ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਮਾਸਕ ਪਾ ਰੱਖਿਆ ਸੀ ਅਤੇ ਉਨ੍ਹਾਂ ਨੇ ਪੂਰੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ।