ਕੈਨੇਡਾ ਪੜ੍ਹਨ ਜਾ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ।ਕੈਨੇਡਾ ਦੇ ਕਿਊਬਿਕ ‘ਚ ਨਿੱਜੀ ਕਾਲਜਾਂ ਦੀ ਪੜ੍ਹਾਈ ਕਰਨ ਮਗਰੋਂ ਹੁਣ ਵਿਦਿਆਰਥੀਆਂ ਨੂੰ ‘ਓਪਨ ਵਰਕ ਪਰਮਿਟ’ ਨਹੀਂ ਮਿਲੇਗਾ।ਕੈਨੇਡਾ ‘ਚ ਕਿਊਬਿਕ ਹੀ ਇੱਕ ਅਜਿਹਾ ਪ੍ਰਾਂਤ ਹੈ ਜਿੱਥੇ ਨਿੱਜੀ ਕਾਲਜਾਂ ਤੋਂ ਪੜ੍ਹਾਈ ਖ਼ਤਮ ਕਰਕੇ ਵੀ ਓਪਨ ਵਰਕ ਪਰਮਿਟ ਮਿਲ ਜਾਂਦਾ ਹੈ
ਜਦਕਿ ਬਾਕੀ ਸਾਰੇ ਪ੍ਰਾਂਤਾਂ ‘ਚ ਵਿਦੇਸ਼ੀ ਵਿਦਿਆਰੀਆਂ ਲਈ ਇਨ੍ਹਾਂ ਅਦਾਰਿਆਂ ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ ‘ਚ ਪੜ੍ਹਨਾ ਜ਼ਰੂਰੀ ਹੈ,ਜਿਨ੍ਹਾਂ ਨੂੰ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੋਵੇ।
ਦੱਸਣਯੋਗ ਹੈ ਕਿ ਕੁਝ ਨਿੱਜੀ ਕਾਲਜਾਂ ਵਲੋਂ ਵਿਦੇਸ਼ੀ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਸਨ ਜਿਵੇਂ ਕਿ 1 ਸਾਲ ਦੀ ਟਿਊਸ਼ਨ ਦੇ 25000 ਡਾਲਰ ਲਏ ਜਾਂਦੇ ਸਨ।ਇਸ ਸਭ ਦੇ ਮੱਦੇਨਜ਼ਰ ਹੁਣ ਕੈਨੇਡਾ ਅਤੇ ਕਿਊਬਿਕ ਦੀਆਂ ਸਰਕਾਰਾਂ ਨੇ ਸਾਂਝੇ ਤੌਰ ‘ਤੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਅਤੇ ਕਿਊਬਕ ਦੇ ਕਿਰਤ ਮੰਤਰੀ ਜੀਨ ਬੂਲੇ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਸਤੰਬਰ 2023 ਤੋਂ ਨਿੱਜੀ ਕਾਲਜਾਂ ਵਿਚ ਪੜ੍ਹਾਈ ਪੂਰੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀ ਓਪਨ ਵਰਕ ਪਰਮਿਟ ਲੈਣ ਦੇ ਯੋਗ ਨਹੀਂ ਹੋਣਗੇ।