ਚੰਡੀਗੜ੍ਹ : ਦੇਸ਼ ਭਰ ਵਿਚ ਖ਼ਤਰਨਾਕ ਬਣ ਚੁੱਕੀ ਕੋਰੋਨਾ ਦੀ ਲਹਿਰ ਨੂੰ ਰੋਕਣ ਲਈ ਪੰਜਾਬ ਸਰਕਾਰ ਵੀ ਸੂਬੇ ਵਿਚ ਮੁਕੰਮਲ ਲਾਕਡਾਊਨ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਸੰਬੰਧੀ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਵਿਚ ਤਾਲਾਬੰਦੀ ਲਗਾਉਣਾ ਹੀ ਇਕੋ-ਇਕ ਬਦਲ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਤਿੰਨ ਵਜੇ ਸਮੀਖਿਆ ਬੈਠਕ ਹੈ ਅਤੇ ਇਸ ਬੈਠਕ ਵਿਚ ਉਹ ਮੁੱਖ ਮੰਤਰੀ ਨੂੰ ਪੰਜਾਬ ਵਿਚ ਲਗਭਗ 8 ਤੋਂ 10 ਦਿਨਾਂ ਲਈ ਮੁਕੰਮਲ ਲਾਕਡਾਊਨ ਲਗਾਉਣ ਦੀ ਸਿਫਾਰਸ਼ ਵੀ ਕਰਨਗੇ।
ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹਾਲਾਤ ਵੱਸੋਂ ਬਾਹਰ ਹੋ ਰਹੇ ਹਨ। ਪੰਜਾਬ ਸਰਕਾਰ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਸਰਕਾਰ ਜ਼ਿਆਦਾ ਸਖ਼ਤੀ ਕਰਦੀ ਹੈ ਤਾਂ ਇਸ ਦਾ ਪ੍ਰਭਾਵ ਲੋਕਾਂ ’ਤੇ ਪੈਣਾ ਸੰਭਵ ਹੈ, ਲਿਹਾਜ਼ਾ ਸਰਕਾਰ ਸੋਚ ਸਮਝ ਕੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸਮਝਾ ਕੇ ਉਨ੍ਹਾਂ ਦਾ ਸਹਿਯੋਗ ਮੰਗ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਕਿ ਜੇਕਰ ਸੂਬੇ ਵਿਚ ਕੋਰੋਨਾ ਦੀ ਚੇਨ ਤੋੜਨੀ ਹੈ ਤਾਂ ਪੰਜਾਬ ਵਿਚ ਲਗਭਗ 10 ਦਿਨਾਂ ਦੀ ਤਾਲਾਬੰਦੀ ਕਰਨੀ ਹੀ ਪਵੇਗੀ।
ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦੇ ਹਾਲਾਤ ਜ਼ਿਆਦਾ ਖਰਾਬ ਹੋ ਰਹੇ ਹਨ ਕਿਉਂਕਿ ਪਿੰਡਾਂ ਦੇ ਲੋਕ ਵੈਕਸੀਨ ਲਗਵਾਉਣ ਤੋਂ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਕੋਰੋਨਾ ਖ਼ਤਰਨਾਕ ਹਾਲਾਤ ਵਿਚ ਹੈ ਅਤੇ ਲੋਕ ਇਸ ਨੂੰ ਹਲਕੇ ਵਿਚ ਨਾ ਲਿਆ ਜਾਵੇ। ਹੁਣ ਸਰਕਾਰ ਨੇ ਮਹਿਜ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ ਪਰ ਸੰਭਵ ਹੈ ਕਿ ਸਰਕਾਰ ਮੁਕੰਮਲ ਲਾਕਡਾਊਨ ਵਰਗਾ ਸਖ਼ਤ ਫ਼ੈਸਲਾ ਲੈ ਸਕਦੀ ਹੈ।