ਕੈਨੇਡਾ ਅਤੇ ਡੈਨਮਾਰਕ ਵਿਚਾਲੇ ਆਰਕਟਿਕ ਵਿੱਚ ਇੱਕ ਬੰਜਰ ਅਤੇ ਗੈਰ ਅਬਾਦੀ ਵਾਲੇ ਚੱਟਾਨੀ ਟਾਪੂ ਨੂੰ ਲੈ ਕੇ 49 ਸਾਲ ਪੁਰਾਣਾ ਵਿਵਾਦ ਖ਼ਤਮ ਹੋ ਗਿਆ ਹੈ। ਦੋਵੇਂ ਦੇਸ਼ ਇਸ ਛੋਟੇ ਜਿਹੇ ਟਾਪੂ ਨੂੰ ਵੰਡਣ ਲਈ ਸਹਿਮਤ ਹੋ ਗਏ ਹਨ। ਸਮਝੌਤੇ ਮੁਤਾਬਕ 1.3 ਵਰਗ ਕਿਲੋਮੀਟਰ ਦੇ ਇਸ ਹੇਨਸ ਟਾਪੂ ‘ਤੇ ਸੀਮਾ ਰੇਖਾ ਖਿੱਚੀ ਜਾਵੇਗੀ। ਹੇਨਸ ਟਾਪੂ ਉੱਤੇ ਖਣਿਜਾਂ ਦੇ ਕੋਈ ਭੰਡਾਰ ਨਹੀਂ ਹਨ।ਇਹ ਟਾਪੂ ਡੈਨਮਾਰਕ ਦੇ ਅਰਧ-ਖੁਦਮੁਖਤਿਆਰ ਖੇਤਰ ਗ੍ਰੀਨਲੈਂਡ ਦੇ ਉੱਤਰ-ਪੱਛਮੀ ਤੱਟ ਅਤੇ ਕੈਨੇਡਾ ਦੇ ਐਲੇਸਮੇਰ ਟਾਪੂ ਦੇ ਵਿਚਕਾਰ ਸਮੁੰਦਰੀ ਰਸਤੇ ‘ਤੇ ਸਥਿਤ ਹੈ।
ਡੈਨਮਾਰਕ ਦੇ ਵਿਦੇਸ਼ ਮੰਤਰੀ ਜੇਪੇ ਕੋਫੋਡ ਨੇ ਕਿਹਾ ਕਿ ਇਹ ਸਪੱਸ਼ਟ ਸੰਕੇਤ ਹੈ ਕਿ ਸਰਹੱਦੀ ਵਿਵਾਦਾਂ ਨੂੰ ਵਿਹਾਰਕ ਅਤੇ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨਾ ਸੰਭਵ ਹੈ ਜਿਸ ਵਿੱਚ ਸਾਰੀਆਂ ਧਿਰਾਂ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਿੱਚ ਜੰਗ ਅਤੇ ਅਸ਼ਾਂਤੀ ਦੇ ਵਿਚਕਾਰ ਇਹ ਇੱਕ ਮਹੱਤਵਪੂਰਨ ਸੰਕੇਤ ਹੈ।ਕੈਨੇਡਾ ਅਤੇ ਡੈਨਮਾਰਕ ਨੇ 1973 ਵਿੱਚ ਸਟਰੇਟ ਆਫ਼ ਨਰੇਸ ਰਾਹੀਂ ਗ੍ਰੀਨਲੈਂਡ ਅਤੇ ਕੈਨੇਡਾ ਦਰਮਿਆਨ ਇੱਕ ਸਰਹੱਦ ਬਣਾਉਣ ਲਈ ਸਹਿਮਤੀ ਦਿੱਤੀ ਸੀ ਪਰ ਉਹ ਇਸ ਗੱਲ ‘ਤੇ ਸਹਿਮਤ ਨਹੀਂ ਸਨ ਕਿ ਹੇਨਸ ਟਾਪੂ ‘ਤੇ ਕਿਸ ਦੇਸ਼ ਦੀ ਪ੍ਰਭੂਸੱਤਾ ਹੋਵੇਗੀ, ਜੋ ਉੱਤਰੀ ਧਰੁਵ ਦੇ ਦੱਖਣ ਵਿਚ ਲਗਭਗ 1,100 ਕਿਲੋਮੀਟਰ (680 ਮੀਲ) ਸਥਿਤ ਹੈ। ਅੰਤ ਵਿੱਚ ਉਹਨਾਂ ਨੇ ਬਾਅਦ ਵਿੱਚ ਮਾਲਕੀ ਦੇ ਸਵਾਲ ‘ਤੇ ਕੰਮ ਕਰਨ ਦਾ ਫ਼ੈਸਲਾ ਕੀਤਾ।
ਬਾਅਦ ਦੇ ਸਾਲਾਂ ਵਿੱਚ ਖੇਤਰੀ ਵਿਵਾਦ ਨੂੰ ਮੀਡੀਆ ਦੁਆਰਾ ‘ਵਿਸਕੀ ਯੁੱਧ’ ਦਾ ਉਪਨਾਮ ਨਾਲ ਕਈ ਵਾਰ ਉਠਾਇਆ ਗਿਆ ਸੀ। ਇਹ ਸਮਝੌਤਾ ਦੋਵਾਂ ਦੇਸ਼ਾਂ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਲਾਗੂ ਹੁੰਦਾ ਹੈ। ਡੈਨਮਾਰਕ ਵਿੱਚ ਸੰਸਦ ਨੂੰ ਪਹਿਲਾਂ ਸਮਝੌਤੇ ਨੂੰ ਆਪਣੀ ਮਨਜ਼ੂਰੀ ਦੇਣੀ ਹੋਵੇਗੀ।ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕ੍ਰੇਨ ‘ਤੇ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੈਨੇਡਾ ਦੀ ਜਿੱਤ ਹੈ। ਇਹ ਡੈਨਮਾਰਕ ਦੀ ਜਿੱਤ ਹੈ। ਅਸੀਂ ਦੂਜੇ ਦੇਸ਼ਾਂ ਨੂੰ ਦਿਖਾ ਰਹੇ ਹਾਂ ਕਿ ਖੇਤਰੀ ਵਿਵਾਦਾਂ ਨੂੰ ਕਿਵੇਂ ਸੁਲਝਾਉਣਾ ਹੈ… ਅਸੀਂ ਰਾਸ਼ਟਰਪਤੀ ਪੁਤਿਨ ਨੂੰ ਕੀ ਕਹਿ ਰਹੇ ਹਾਂ, ‘ਸਾਡੇ ਕੋਲ ਵਿਵਾਦਾਂ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਦੋਵਾਂ ਵਿਦੇਸ਼ ਮੰਤਰੀਆਂ ਨੇ ਵਿਸਕੀ ਦੀਆਂ ਬੋਤਲਾਂ ਦਾ ਆਦਾਨ-ਪ੍ਰਦਾਨ ਵੀ ਕੀਤਾ।