ਮੋਗਾ: ਮੋਗਾ ਦੇ ਥਾਣਾ ਬੱਧਨੀ ਕਲਾਂ ਅਧੀਨ ਪੈਂਦੀ ਚੌਂਕੀ ਲੋਪੋਂ ਦੇ ਏ.ਐੱਸ.ਆਈ. ਸਤਨਾਮ ਸਿੰਘ ਵੱਲੋਂ ਸਰਕਾਰੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਆਈ ਹੈ। ਮ੍ਰਿਤਕ ਦੀ ਲਾਸ਼ ਕੋਲੋ ਪੁਲਿਸ ਨੂੰ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਚੌਕੀ ਲੋਪੋਂ ‘ਚ ਤਾਇਨਾਤ 48 ਸਾਲਾ ਸਤਨਾਮ ਸਿੰਘ ਨੇ ਆਪਣੇ ਸਰਕਾਰੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਮਥੁਰਾਦਾਸ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਏ.ਐੱਸ.ਆਈ. ਸਤਨਾਮ ਸਿੰਘ ਨੇ ਸੋਮਵਾਰ ਸਵੇਰੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ‘ਤੇ ਮੈਸੇਜ਼ ਕੀਤਾ ਕਿ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੈ। ਇਹ ਉਸ ਦਾ ਆਖ਼ਰੀ ਸੰਦੇਸ਼ ਹੈ। ਪੁਲਿਸ ਨੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਦੂਜੇ ਪਾਸੇ ਪੀੜਤ ਪਰਿਵਾਰ ਨੇ ਸੁਸਾਇਟ ਨੋਟ ਦੇ ਆਧਾਰ ‘ਤੇ ਜਾਂਚ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਆਪਣੇ ਕੋਲ ਇਕ ਸੁਸਾਈਡ ਨੋਟ ਛੱਡ ਗਿਆ। ਜਿਸ ਵਿੱਚ ਉਸਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਮ ਲਿਖੇ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਸ ਨੇ ਪੁਲਿਸ ਥਾਣਾ ਬੱਧਨੀ ਕਲਾਂ ਦੇ ਇਕ ਪੁਲਿਸ ਅਧਿਕਾਰੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਮਾਮਲੇ ਦੀ ਪੁਲਸ ਅਧਿਕਾਰੀਆਂ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।