ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਐਲਾਨੀ ਗਈ ਅਗਨੀਪੱਥ ਯੋਜਨਾ ਦਾ ਦੇਸ਼ ਦੇ ਰਾਜਾਂ ਵਿੱਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਅਤੇ ਬੁੱਧਵਾਰ ਸਵੇਰੇ ਬਿਹਾਰ ਦੇ ਕਈ ਜ਼ਿਲਿਆਂ ‘ਚ ਵਿਦਿਆਰਥੀਆਂ ਨੇ ਇਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇੰਨਾ ਹੀ ਨਹੀਂ ਵੀਰਵਾਰ ਨੂੰ ਇੱਕ ਵਾਰ ਫਿਰ ਮੁੰਗੇਰ, ਕੈਮੂਰ, ਸਹਰਸਾ, ਛਪਰਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਲਈ ਉਤਰ ਆਏ ਹਨ।
ਕੈਮੂਰ ‘ਚ ਵਿਦਿਆਰਥੀਆਂ ਨੇ ਇੰਟਰਸਿਟੀ ਐਕਸਪ੍ਰੈਸ ਨੂੰ ਅੱਗ ਲਗਾ ਦਿੱਤੀ ਅਤੇ ਕਈ ਥਾਵਾਂ ‘ਤੇ ਸੜਕ ਜਾਮ ਕਰਕੇ ਟਾਇਰਾਂ ਨੂੰ ਅੱਗ ਲਗਾ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿੱਚ ਵੀ ਵਿਦਿਆਰਥੀਆਂ ਵੱਲੋਂ ਦਿੱਲੀ-ਜੈਪੁਰ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ। ਯੂਪੀ ਦੇ ਬਰੇਲੀ ਵਿੱਚ ਫੌਜ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਬਿਹਾਰ ਤੋਂ ਸ਼ੁਰੂ ਹੋਏ ਇਸ ਅੰਦੋਲਨ ਦੀ ਅੱਗ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫੈਲ ਰਹੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਅਗਨੀਪੱਥ ਤੋਂ ਪਰਦਾ ਚੁੱਕਿਆ। ਰੱਖਿਆ ‘ਤੇ ਕੈਬਨਿਟ ਕਮੇਟੀ ਨੇ ਇਤਿਹਾਸਕ ਫ਼ੈਸਲਾ ਲਿਆ ਹੈ।
ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਚਾਰ ਸਾਲ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਵੀ ਦਿੱਤਾ ਜਾਵੇਗਾ।ਨਵੀਂ ਯੋਜਨਾ ਤਹਿਤ ਨੌਜਵਾਨ ਚਾਰ ਸਾਲ ਲਈ ਭਾਰਤੀ ਫ਼ੌਜ ਵਿੱਚ ਭਰਤੀ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ‘ਅਗਨੀਵੀਰ’ ਆਖਿਆ ਜਾਵੇਗਾ।
ਇਸ ਨਾਲ ਫ਼ੌਜੀਆਂ ਦੀ ਔਸਤ ਉਮਰ 32 ਸਾਲ ਤੋਂ ਘਟ ਕੇ 26 ਸਾਲ ਹੋ ਜਾਵੇਗੀ।
1 ਭਰਤੀ ਹੋਣ ਦੀ ਉਮਰ 17.5 ਸਾਲ ਤੋਂ 21 ਸਾਲ ਵਿਚਾਲੇ ਹੋਣੀ ਚਾਹੀਦੀ ਹੈ
2 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ
3 ਚਾਰ ਸਾਲ ਬਾਅਦ ਸੇਵਾਕਾਲ ਵਿੱਚ ਪ੍ਰਦਰਸ਼ਨ ਦੇ ਆਧਾਰ ‘ਤੇ ਮੁਲਾਂਕਣ ਹੋਵੇਗਾ ਅਤੇ 25 ਫੀਸਦ ਲੋਕਾਂ ਨੂੰ ਰੇਗੂਲਰ ਕੀਤਾ ਜਾਵੇਗਾ
4 ਭਰਤੀ ਚਾਰ ਸਾਲਾਂ ਲਈ ਹੋਵੇਗੀ
5 ਪਹਿਲੇ ਸਾਲ ਦੀ ਸੈਲਰੀ ਪ੍ਰਤੀ ਮਹੀਨਾ 30 ਹਜ਼ਾਰ ਹੋਵੇਗੀ
6 ਚੌਥੇ ਸਾਲ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ
7 ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ
8 ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
ਚਾਰ ਸਾਲ ਦੀ ਮਿਆਦ ਕਿਉਂ ਰੱਖੀ ਗਈ ਹੈ?
ਫੌਜ ਇੱਕੋ-ਇੱਕ ਅਜਿਹੀ ਨੌਕਰੀ ਹੈ ਜਿੱਥੇ ਨੈਸ਼ਨਲ ਪੈਨਸ਼ਨ ਸਕੀਮ ਲਾਗੂ ਨਹੀਂ ਹੈ, ਜੋ ਕਿ ਸਰਕਾਰ ਕਰਨਾ ਚਾਹੁੰਦੀ ਹੈ।
ਸਰਕਾਰ ਦੇ ਸਾਹਮਣੇ ਇੱਕ ਇਹ ਵੀ ਚੁਣੌਤੀ ਹੈ ਕਿ ਫੌਜ ਦਾ ਜਵਾਨ ਜੋ ਜਲਦੀ ਰਿਟਾਇਰ ਹੋ ਜਾਂਦਾ ਹੈ, ਸਰਕਾਰ ਨੂੰ ਉਸ ਨੂੰ ਸਾਰੀ ਉਮਰ ਪੈਨਸ਼ਨ ਦੇਣੀ ਪੈਂਦੀ ਹੈ। ਇਸ ਤਰ੍ਹਾਂ ਜਵਾਨ ਬਾਕੀ ਨੌਕਰੀਆਂ ਦੇ ਮੁਕਾਬਲੇ 30-35 ਸਾਲ ਅਤੇ ਕਈ ਹਾਲਤਾਂ ਵਿੱਚ 40 ਸਾਲ ਤੱਕ ਪੈਨਸ਼ਨ ਲੈਂਦੇ ਹਨ। ਇਸ ਤਰ੍ਹਾਂ ਇਹ ਬਿਲ ਬਹੁਤ ਵੱਡਾ ਹੈ।