ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਐਲਾਨੀ ਗਈ ਅਗਨੀਪੱਥ ਯੋਜਨਾ ਦਾ ਦੇਸ਼ ਦੇ ਰਾਜਾਂ ਵਿੱਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਅਤੇ ਬਿਹਾਰ ,ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ 7 ਰਾਜਾਂ ‘ਦੇ ਕਈ ਜ਼ਿਲਿਆਂ ‘ਚ ਵਿਦਿਆਰਥੀਆਂ ਨੇ ਇਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ, ਇਸ ਸਬੰਧੀ ਅੱਜ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਸੇਵਾਮੁਕਤ ਫ਼ੌਜੀ ਅਧਿਕਾਰੀਆਂ ਨੇ ਨਿਰਵਿਰੋਧ ਇਸ ਯੋਜਨਾ ਦਾ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੇਵਾ ਨਿਭਾਅ ਰਹੇ ਕਈ ਅਧਿਕਾਰੀਆਂ ਦਾ ਵੀ ਇਹੀ ਮੰਨਣਾ ਹੈ।ਇਸ ਫ਼ੈਸਲੇ ਨਾਲ ਕਾਫੀ ਤਰ੍ਹਾਂ ਦੇ ਖ਼ਤਰੇ ਪੈਦਾ ਹੋਣਗੇ ਅਤੇ ਇਸ ਨਾਲ ਹਥਿਆਰਬੰਦ ਬਲਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਤੇ ਲੋਕਾਚਾਰ ਖ਼ਤਮ ਹੋ ਜਾਵੇਗਾ। ਇਹ ਫ਼ੈਸਲਾ ‘ਪੈਸੇ ਦੀ ਬੱਚਤ ਪੱਖੋਂ ਸਹੀ ਪਰ ਸੁਰੱਖਿਆ ਪੱਖੋਂ ਮੂਰਖਾਨਾ’ ਸਾਬਿਤ ਹੋ ਸਕਦਾ ਹੈ।
ਕਾਂਗਰਸੀ ਆਗੂਆਂ ਅਜੈ ਮਾਕਨ, ਸਚਿਨ ਪਾਇਲਟ ਅਤੇ ਪਵਨ ਖੇੜਾ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘‘ਅਗਨੀਪਥ ਯੋਜਨਾ ਵਿਵਾਦਤ, ਵੱਖ-ਵੱਖ ਤਰ੍ਹਾਂ ਦੇ ਖਤਰਿਆਂ ਵਾਲੀ ਅਤੇ ਹਥਿਆਰਬੰਦ ਬਲਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਤੇ ਲੋਕਾਚਾਰ ਨੂੰ ਖ਼ਤਮ ਕਰਨ ਵਾਲੀ ਹੈ।’’
ਆਗੂ ਨੇ ਕਿਹਾ ਕਿ ਪਹਿਲੀ ਚਿੰਤਾ ਇਹ ਹੈ ਕਿ ਅਗਨੀਵੀਰਾਂ ਨੂੰ ਛੇ ਮਹੀਨਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ੳਹ 42 ਹੋਰ ਮਹੀਨਿਆਂ ਲਈ ਸੇਵਾਵਾਂ ਨਿਭਾਉਣਗੇ। ਉਸ ਮਗਰੋਂ 75 ਫ਼ੀਸਦ ਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘‘ਇਸ ਯੋਜਨਾ ਤਹਿਤ ਸਿਖਲਾਈ ਦੇ ਨਾਂ ’ਤੇ ਮਜ਼ਾਕ ਕੀਤਾ ਜਾ ਰਿਹਾ ਹੈ ਜਿਸ ਨਾਲ ਹਥਿਆਰਬੰਦ ਬਲਾਂ ’ਚ ਮਾੜੀ ਸਿਖਲਾਈ ਵਾਲੇ ਤੇ ਮਾੜੀ ਪ੍ਰੇਰਨਾ ਵਾਲੇ ਜਵਾਨ ਭਰਤੀ ਹੋਣਗੇ ਅਤੇ ਨਿਰਾਸ਼ ਤੇ ਦੁਖੀ ਸਾਬਕਾ ਸੈਨਿਕ ਸਮਾਜ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਭਰਤੀ ਲਈ 17.5 ਤੋਂ 21 ਸਾਲ ਉਮਰ ਕਈ ਸਵਾਲ ਖੜ੍ਹੇ ਕਰਦੀ ਹੈ ਕਿਉਂਕਿ ਇਸ ਨਾਲ ਵੱਡੀ ਗਿਣਤੀ ਨੌਜਵਾਨ ਪੂਰੀ ਤਰ੍ਹਾਂ ਹਥਿਆਰਬੰਦ ਬਲਾਂ ਦੀ ਸੇਵਾ ’ਚੋਂ ਬਾਹਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਯੋਜਨਾ ਦਾ ਮਕਸਦ ਪੈਨਸ਼ਨ ਦੀ ਰਾਸ਼ੀ ਬਚਾਉਣਾ ਦੱਸਿਆ ਜਾ ਰਿਹਾ ਹੈ ਜੋ ਕਿ ਇਕ ਕਮਜ਼ੋਰ ਦਲੀਲ ਹੈ।
ਭਾਜਪਾ ਨੇ ਦਿੱਤਾ ਸਪੱਸ਼ਟੀਕਰਨ
‘ਅਗਨੀਪਥ’ ਖਿਲਾਫ਼ ਕਈ ਰਾਜਾਂ ਵਿੱਚ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਮਗਰੋਂ ਸਰਕਾਰ ਨੇ ਸਪਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਭਰਤੀ ਦਾ ਇਹ ਨਵਾਂ ਮਾਡਲ ਹਥਿਆਰਬੰਦ ਬਲਾਂ ਵਿੱਚ ਨਾ ਸਿਰਫ਼ ਨਵੀਆਂ ਸਮਰਥਾਵਾਂ ਨੂੰ ਲਿਆਵੇਗਾ ਬਲਕਿ ਨੌਜਵਾਨਾਂ ਲਈ ਪ੍ਰਾਈਵੇਟ ਸੈਕਟਰ ਵਿੱਚ ਵਸੀਲਿਆਂ ਲਈ ਰਾਹ ਖੋਲ੍ਹੇਗਾ ਤੇ ਵਿੱਤੀ ਪੈਕੇਜ ਦੇ ਰੂਪ ਵਿੱਚ ਉਨ੍ਹਾਂ ਨੂੰ ਉੱਦਮੀ ਬਣਾਉਣ ਵਿੱਚ ਮਦਦਗਾਰ ਹੋਵੇਗਾ।
ਇਥੇ ਇਹ ਵੀ ਜਿਕਰਯੋਗ ਹੈ ਕਿ
ਫੌਜ ਵਿੱਚ ਚਾਰ ਸਾਲ ਦੀ ਥੋੜ੍ਹੇ ਸਮੇਂ ਦੀ ਸੇਵਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਏ। ਦਰਅਸਲ, ਵਿਦਿਆਰਥੀ ਇਸ ਸਕੀਮ ਤਹਿਤ ਪੈਨਸ਼ਨ ਖਤਮ ਕਰਨ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਹਨ ਕਿ ਅਗਨੀਵੀਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ ਸਿਰਫ਼ 21 ਸਾਲ ਹੈ। ਹੁਣ ਰੱਖਿਆ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਇਸ ਸਾਲ ਭਰਤੀ ਪ੍ਰਕਿਰਿਆ ਵਿੱਚ ਦੋ ਸਾਲ ਦੀ ਇੱਕ ਵਾਰ ਦੀ ਛੋਟ ਦਿੱਤੀ ਜਾਵੇਗੀ। ਯਾਨੀ ਉਮੀਦਵਾਰ ਇਸ ਸਾਲ 23 ਸਾਲ ਦੀ ਉਮਰ ਤੱਕ ਫਾਰਮ ਭਰ ਸਕਣਗੇ। ਕਿਉਂਕਿ ਕੇਂਦਰ ਸਰਕਾਰ ਵੱਲੋਂ 2 ਸਾਲਾਂ ਤੋਂ ਕੋਰੋਨਾ ਕਾਰਨ ਫੌਜ ‘ਚ ਕੋਈ ਭਰਤੀ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਫੌਜ ਦੀ ਭਰਤੀ ਲਈ ਨਵੀਂ ਯੋਜਨਾ ਅਗਨੀਪਥ ਦੇ ਖ਼ਿਲਾਫ਼ ਕਈ ਰਾਜਾਂ ‘ਚ ਹਿੰਸਕ ਪ੍ਰਦਰਸ਼ਨ ਹੋਏ। ਫੌਜ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੇ ਰੇਲ ਗੱਡੀਆਂ ਨੂੰ ਅੱਗ ਲਾ ਦਿੱਤੀ, ਬੱਸਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਬਿਹਾਰ ਵਿੱਚ ਸੱਤਾਧਾਰੀ ਭਾਜਪਾ ਦੇ ਇਕ ਵਿਧਾਇਕ ਸਮੇਤ ਰਾਹਗੀਰਾਂ ‘ਤੇ ਪਥਰਾਅ ਕੀਤਾ। ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦਾ ਇਹ ਪ੍ਰਦਰਸ਼ਨ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ। ਬਿਹਾਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਮੇਤ 7 ਰਾਜਾਂ ‘ਚ ਇਸ ਯੋਜਨਾ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ।