ਪ੍ਰੋ-ਪੰਜਾਬ ਟੀ.ਵੀ. ਦੇ ਸੰਸਥਾਪਕ ਤੇ ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਉ ਵੱਲੋਂ BJP ਦੇ ਵੱਡੇ ਲੀਡਰ ਸੁਬਰਾਮਨੀਅਮ ਸਵਾਮੀ ਨਾਲ ਗੱਲਬਾਤ ਦੌਰਾਨ ਸਦੀਆਂ ਤੋਂ ਚੱਲ ਰਹੇ ਜਾਤ-ਪਾਤ ਦੇ ਭੇਦ-ਭਾਵ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਗੱਲਬਾਤ ਦੌਰਾਨ ਉਨ੍ਹਾਂ ਜਿੱਥੇ ਸਮਾਜ ਸੁਧਾਰਕ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਬ੍ਰਾਮਣ ਦੱਸਿਆ ਉੱਥੇ ਹੀ ਉਨ੍ਹਾਂ ਆਰ.ਐਸ.ਐਸ. ਦਾ ਮੁੱਖੀ ਇਕ ਸਿੱਖ ਚਿਹਰੇ ਨੂੰ ਬਣਾਉਣ ਦੀ ਵੀ ਗੱਲ ਕਹੀ। ਜਾਤੀ-ਪਾਤ ‘ਤੇ ਸੱਟ ਮਾਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਡੀ.ਐਨ.ਏ. ਇੱਕ ਹੀ ਹੈ ਜੋ ਕਿ ਸਾਇੰਟਫਿਕ ਤੌਰ ‘ਤੇ ਸਾਬਤ ਵੀ ਹੋ ਗਿਆ ਹੈ।
ਡਾ. ਅੰਬੇਡਕਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਛੋਟੀ ਜਾਤ ਦਾ ਨਹੀਂ ਮੰਨਦਾ। ਉਹ ਇਕ ਬ੍ਰਾਹਮਣ ਸਨ, ਕਿਉਂਕਿ ਬ੍ਰਾਹਮਣ ਗੁਣਾਂ ਤੋਂ ਹੁੰਦੇ ਹਨ ਜਾਤ ਤੋਂ ਨਹੀਂ, ਅੰਬੇਡਕਰ ਜੀ ਇਕ ਗੁਣੀਂ ਵਿਅਕਤੀ ਸਨ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਸ਼ਬਦ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਗੀਤਾ ‘ਚ ਕਹਿ ਗਏ ਹਨ ਕਿ ਵਰਣ ਗੁਣਾਂ ਤੋਂ ਹੁੰਦੇ ਹਨ। ਕੋਲੰਬੀਆ ਯੂਨੀਵਰਸਿਟੀ ‘ਚ ਡਾ. ਅੰਬੇਦਕਰ ਜੀ ਨੇ ਵੀ ਇਕ ਸੈਮੀਨਾਰ ‘ਚ ਸਾਰੇ ਭਾਰਤੀਆਂ ਦੇ ਇਕ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਜੋ ਵਰਣ-ਵੰਡ ਹੈ। ਇਹ ਸਿਰਫ ਵਿਕਰਤੀ ਹੈ ਇਹ ਸਾਡੇ ਮੂਲ ਸਿਧਾਂਤ ਨਹੀਂ ਹਨ। ਸਵਾਮੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਈ ਛੋਟੀ ਤੇ ਵੱਡੀ ਜਾਤ ਨਹੀਂ ਹੁੰਦੀ। ਬ੍ਰਾਹਮਣ ਕੋਈ ਉੱਚੀ ਜਾਤ ਨਹੀਂ ਹੈ ਉਨ੍ਹਾਂ ਕੋਲ ਨਾ ਰਾਜ, ਨਾ ਪੈਸਾ,ਨਾ ਹਥਿਆਰ ਹਨ ਉਨ੍ਹਾਂ ਕੋਲ ਤਾਂ ਸਿਰਫ ਗਿਆਨ ਹੈ। ਇਸੇ ਤਰ੍ਹਾਂ ਜਿਹੜਾ ਗਿਆਨੀ ਹੈ ਉਹ ਖੁਦ ਹੀ ਬ੍ਰਾਹਮਣ ਹੈ।
ਉਨ੍ਹਾਂ ਕਿਹਾ ਕਿ ਜਾਤ-ਪਾਤ ਸਦੀਆਂ ਤੋਂ ਹੀ ਇਕ ਵੱਡਾ ਮੁੱਦਾ ਬਣੀ ਹੋਈ ਹੈ ਤੇ ਕਿਤੇ ਨਾ ਕਿਤੇ ਲੋਕ ਇਨ੍ਹਾਂ ਗੱਲਾਂ ਨੂੰ ਅੱਜ ਵੀ ਮੰਨਦੇ ਹਨ, ਜਿਸ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਜੋ ਜਾਤਾਂ ਦਾ ਭ੍ਰਮ ਫਲਾਇਆ ਗਿਆ ਹੈ। ਇਹ ਅੰਗਰੇਜ਼ਾਂ ਦੀ ਚਾਲ ਸੀ ਤਾਂ ਕਿ ਭਾਰਤ ‘ਚ ਰਾਜ ਕਰ ਸਕਣ। ਅੰਗਰੇਜ਼ਾਂ ਨੂੰ ਪਤਾ ਸੀ ਕਿ ਭਾਰਤ ਇਕ ਮਜ਼ਬੂਕ ਦੇਸ਼ ਹੈ ਇਸ ਨੂੰ ਤੋੜ ਕੇ ਹੀ ਰਾਜ ਕੀਤਾ ਜਾ ਸਕਦਾ ਹੈ ਅਤੇ ਅੱਜ ਵੀ ਕਈਂ ਤਾਕਤਾਂ ਭਾਰਤ ਦੇਸ਼ ਨੂੰ ਤੋੜਣ ‘ਚ ਜੂਟੀਆਂ ਹੋਈਆਂ ਹਨ।
ਆਰ. ਐਸ. ਐਸ. ਦੇ ਇਕ ਬਿਆਨ ਕਿ ‘ਅਖੰਡ ਭਾਰਤ ਬਣਾਇਆ ਜਾਵੇਗਾ ਤੇ ਇਸ ਦੇ ਰਸਤੇ ‘ਚ ਜੋ ਵੀ ਆਏਗਾ ਉਹ ਚੂਰ-ਚੂਰ ਹੋ ਜਾਵੇਗਾ’ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਇਹ ਸਬਦ ਆਰ.ਐਸ.ਐਸ ਮੁੱਖੀ ਮੋਹਨ ਭਾਰਗਵ ਵੱਲੋਂ ਪਾਕਿਸਤਾਨ ਲਈ ਕਹੇ ਗਏ ਸੀ। ਅਜਿਹਾ ਕੁਝ ਨਹੀਂ ਹੈ ਅਸੀਂ ਸਾਰੇ ਇਕ ਹਾਂ। ਬਹੁਤ ਸਾਰੇ ਸਿੱਖ ਵੀ ਆਰ. ਐਸ. ਐਸ. ਦੀ ਸਾਖਾ ‘ਚ ਆਉਂਦੇ ਹਨ। ਸਿੱਖਾਂ ‘ਚ ਫੈਲੀ ਭ੍ਰਾਂਤੀ ਕਿ ਆਰ. ਐਸ. ਐਸ. ਸਿੱਖਾਂ ਦੇ ਖਿਲਾਫ ਹੈ ਨੂੰ ਦੂਰ ਕਰਨ ਲਈ ਅਗਲੇ 15 ਸਾਲਾਂ ਦੇ ਅੰਦਰ-ਅੰਦਰ ਆਰ.ਐਸ.ਐਸ. ਵੱਲੋਂ ਮੁੱਖੀ ਦੇ ਤੌਰ ‘ਤੇ ਕਿਸੇ ਸਿੱਖ ਨੂੰ ਵੀ ਨਿਯੂਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸ਼ਬਦ ਹੀ ਅਜਿਹਾ ਹੈ ਜਿਸ ‘ਚ ਪੂਰਾ ਦੇਸ਼ ਆ ਜਾਂਦਾ ਹੈ।
ਆਰ.ਐਸ.ਐਸ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਲਾਉਂਦੀ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ, ਇਹ ਤਾਂ ਸਿਰਫ ਇਕ ਸੰਸਥਾ ਹੈ। ਪ੍ਰਧਾਨ ਮੰਤਰੀ ਉਨ੍ਹਾਂ ਦੇ ਅੰਡਰ ਨਹੀਂ ਆਉਂਦਾ ਸਗੋਂ ਉਨ੍ਹਾਂ ਦੇ ਅੰਡਰ ਸੰਸਥਾ ਆਉਂਦੀ ਹੈ।