ਵਰਲਡ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਸਾਬਕਾ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ। ਯੁਵਰਾਜ ਸਿੰਘ ਦਾ ਬਾਲੀਵੁੱਡ ਦੀ ਅਦਾਕਾਰਾ ਹੇਜ਼ਲ ਕੀਚ ਨਾਲ 30 ਨਵੰਬਰ 2016 ‘ਚ ਵਿਆਹ ਹੋਇਆ ਸੀ।
ਇਸ ਸਾਲ ਜਨਵਰੀ ‘ਚ ਹੇਜ਼ਲ ਕੀਚ ਨੇ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਦੇ ਜਨਮ ਦੇ ਬਾਅਦ ਤੋਂ ਹੀ ਯੁਵਰਾਜ ਨੇ ਉਸ ਦੀ ਤਸਵੀਰ ਬੇਹੱਦ ਘੱਟ ਸਾਂਝੀ ਕੀਤੀ ਹੈ ਤੇ ਉਸ ਦੇ ਨਾਂ ਦਾ ਵੀ ਖ਼ੁਲਾਸਾ ਨਹੀਂ ਕੀਤਾ ਸੀ
ਪਰ ਅੱਜ ਫਾਦਰਸ ਡੇ ਦੇ ਖਾਸ ਦਿਨ ‘ਤੇ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ ਤੇ ਉਸ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
ਹੇਜ਼ਲ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਬੇਟਾ ਉਨ੍ਹਾਂ ਦੀ ਗੋਦ ‘ਚ ਨਜ਼ਰ ਆ ਰਿਹਾ ਹੈ।
Welcome to the world 𝗢𝗿𝗶𝗼𝗻 𝗞𝗲𝗲𝗰𝗵 𝗦𝗶𝗻𝗴𝗵 ❤️. Mummy and Daddy love their little “puttar”. Your eyes twinkle with every smile just as your name is written amongst the stars ✨ #HappyFathersDay @hazelkeech pic.twitter.com/a3ozeX7gtS
— Yuvraj Singh (@YUVSTRONG12) June 19, 2022
ਯੁਵਰਾਜ ਨੇ ਆਪਣੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਸੋਸ਼ਲ ਮੀਡੀਆ ਰਾਹੀਂ ਕੀਤਾ। ਉਨ੍ਹਾਂ ਨੇ ਟਵਿੱਟਰ ‘ਤੇ ਆਪਣੀ, ਹੇਜ਼ਲ ਤੇ ਪੁੱਤਰ ਦੀ ਗਰੁੱਪ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਇਸ ਦੁਨੀਆ ‘ਚ ਤੁਹਾਡਾ ਸਵਾਗਤ ਹੈ ਓਰੀਅਨ ਕੀਚ ਸਿੰਘ, ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ‘ਚ ਦਿਲ ਵਾਲੀ ਇਮੋਜੀ ਲਗਾਈ। ਉਨ੍ਹਾਂ ਅੱਗੇ ਲਿਖਿਆ ਮੰਮੀ ਤੇ ਡੈਡੀ ਨੂੰ ਆਪਣੇ ਨੰਨ੍ਹੇ ‘ਪੁੱਤਰ’ ਨਾਲ ਪਿਆਰ ਹੈ। ਤੇਰੀ ਹਰ ਮੁਸਕੁਰਾਹਟ ਨਾਲ ਅੱਖਾਂ ‘ਚ ਚਮਕ ਆ ਜਾਂਦੀ ਹੈ, ਜਿਵੇਂ ਤਾਰਿਆਂ ਵਿਚਾਲੇ ਤੇਰਾ ਨਾਂ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ ਸਾਲ 2019 ‘ਚ ਵਿਸ਼ਵ ਕੱਪ ਟੀਮ ‘ਚ ਚੋਣ ਨਾ ਹੋਣ ਕਰਕੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਟੀ20 ਵਰਲਡ ਕੱਪ 2007 ਤੇ ਵਿਸ਼ਵ ਕੱਪ 2011 ‘ਚ ਮਹੱਤਵਪੂਰਨ ਪਾਰੀਆਂ ਖੇਡਦੇ ਹੋਏ ਭਾਰਤ ਨੂੰ ਖ਼ਿਤਾਬ ਜਿਤਾਉਣ ‘ਚ ਅਹਿਮ ਯੋਗਦਾਨ ਦਿੱਤਾ ਸੀ।
ਯੁਵਰਾਜ ਨੇ 40 ਟੈਸਟ, 304 ਵਨ-ਡੇ ਤੇ 58 ਟੀ20 ਕੌਮਾਂਤਰੀ ਮੈਚਾਂ ‘ਚ ਕ੍ਰਮਵਾਰ 1900, 8701 ਤੇ 1177 ਦੌੜਾਂ ਬਣਾਈਆਂ। ਜਦਕਿ ਇਸ ਦੌਰਾਨ ਉਨ੍ਹਾਂ ਨੇ ਟੈਸਟ ‘ਚ 9, ਵਨ-ਡੇ ‘ਚ 111 ਤੇ ਟੀ20 ਇੰਟਰਨੈਸ਼ਨਲ ‘ਚ 28 ਵਿਕਟਾਂ ਆਪਣੇ ਨਾਂ ਕੀਤੀਆਂ।