ਬਚਪਨ
ਬੰਦਾ ਬਹਾਦਰ ਦਾ ਜਿਸਦਾ ਅਸਲੀ ਨਾਮ ਸੀ ਲਛਮਣ ਦਾਸ, ਰਾਜਪੂਤ ਘਰਾਣੇ ਵਿਚ ਪੈਦਾ ਹੋਇਆ। ਮਾਂ- ਪਿਓ ਨੂੰ ਸ਼ੋਕ ਸੀ ਕਿ ਉਨ੍ਹਾ ਦਾ ਪੁਤਰ ਵੀ ਇਕ ਬਹਾਦਰ ਯੋਧਾ ਬਣੇ, ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ ਅਸਤਰ ਸ਼ਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੋਕ ਪੈਦਾ ਕੀਤਾ। ਬਚਪਨ ਵਿਚ ਜਦ ਉਸਦੇ ਹਥੋ ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਸਦੇ ਸਾਮਣੇ ਆਪਣੇ ਅਣਜੰਮੇ ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇਤਨੀ ਭਾਰੀ ਸਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ।
ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ। ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਨਾਲ ਹੋਈ, ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ। ਦੇਸ਼ ਭ੍ਰਮਣ ਲਈ ਜਾ ਤੁਰਿਆ।
ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ ਇਕ ਜੋਗੀ ਅਓਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ ਓਹ ਯੋਗ ਸਾਧਨਾ ਤੇ ਤਾਂਤਰਿਕ ਵਿਦਿਆ ਵਿਚ ਮਾਹਿਰ ਹੋ ਗਿਆ। ਤਿੰਨ ਸਾਲ ਅਓਕੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸਦੀ ਮੋਤ ਹੋ ਗਈ। ਸਾਰੀਆਂ ਰਿਧੀਆਂ ਸਿਧੀਆਂ, ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ ਮਹਾਰਥ ਹਾਸਲ ਕਰ ਲਈ। ਬਹੁਤ ਸਾਰੇ ਉਸਦੇ ਚੇਲੇ ਬਣ ਗਏ। ਮਨੋਕਾਮਨਾਵਾਂ ਪੂਰਿਆ ਕਰਾਉਣ ਲਈ ਉਸ ਕੋਲ ਭੀੜ ਲਗੀ ਰਹਿੰਦੀ, ਜਿਸ ਕਰਕੇ ਓਹ ਬਹੁਤ ਹੰਕਾਰੀ ਵੀ ਹੋ ਗਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ।
ਆਪਣੇ ਅੰਤਿਮ ਸਮੇ ਵਿਚ ਇਸ ਮਿਸ਼ਨ ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਧਾਪੜਾ ਦੇਕੇ ਪੰਜਾਬ ਵਲ ਨੂੰ ਤੋਰਿਆ ਜਿਸਨੇ ਹਕੂਮਤ ਵਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇ ਵਿਚ ਹੀ ਸਿਖ ਇਤਿਹਾਸ ਵਿਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ। ਗੁਰੂ ਗੋਬਿੰਦ ਸਿੰਘ ਵਲੋਂ ਦਬੀ ਕੁਚਲੀ, ਸਤਹੀਣ, ਨਿਰਾਸ਼ ਜਨਤਾ ਨੂੰ ਉਦਮ, ਆਤਮ ਸਨਮਾਨ, ਆਤਮ ਵਿਸ਼ਵਾਸ, ਝੂਝ ਮਰਨ ਤੇ ਫਤਹਿ ਦੀ ਚੜਦੀ ਕਲਾ ਦਾ ਮੁੜ ਸੁਨੇਹਾ ਦਿਤਾ ਉਦੋਂ ਜਦੋਂ ਕੋਮ ਨਿਰਾਸ਼ ਹੋ ਚੁਕੀ ਸੀ, ਥਕ ਚੁਕੀ ਸੀ ਤੇ ਲਗਪਗ ਖਤਮ ਹੋ ਚੁਕੀ ਸੀ।
ਇਹ ਇਤਿਹਾਸ ਵਿਚ ਇਕ ਨਾ ਭੁਲਣ ਵਾਲਾ ਓਹ ਮਹਾਨ ਜਰਨੈਲ ਸੀ ਜਿਸਨੇ ਜੋਰ ਜਬਰ ਤੇ ਜੁਲਮ ਦੇ ਖਿਲਾਫ਼ ਹਕੂਮਤ ਨਾਲ ਟਕਰ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿਤੀਆਂ। ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ ਪੰਜਾਬ ਵਿਚ ਸਿਖ ਕੋਮ ਨੂੰ ਥੋੜੇ ਸਮੇ ਵਿਚ ਹੀ ਇਕ ਜਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰਖ ਦਿਤਾ।
ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜਬੂਤ ਕਰ ਦਿਤਾ ਕਿ ਫਿਰ ਲੰਬੇ ਸਮੇ ਤਕ ਕੋਈ ਵੈਰੀ ਹਿਲਾ ਨਹੀ ਸਕਿਆ। ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿਖਾਂ ਦਾ ਖ਼ੁਰਾ ਖੋਜ ਮਿਟਾਂਦੇ ਮਿਟਾਂਦੇ ਆਪ ਮਿਟ ਗਏ ਪਰ ਸਿਖੀ ਨਹੀਂ ਮਿਟਾ ਸਕੇ। ਬੰਦਾ ਬਹਾਦਰ ਦੀ 1709-1716, ਸਤ ਸਾਲ ਦੀ ਅਗਵਾਈ ਨੇ ਸਉਥ ਏਸ਼ੀਆ ਦੀ ਸਭ ਤੋਂ ਵਡੇ ਮੁਗਲ ਸਮਰਾਜ ਦੀਆ ਨੀਹਾਂ ਖੋਖਲੀਆਂ ਕਰ ਦਿਤੀਆਂ। ਅਖਿਰ ਜੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਜੂਝਦਿਆਂ ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੋਂਸਲੇ, ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ, ਓਹ ਵੀ ਦੁਨੀਆਂ ਦੀ ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ ।
ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਪੁਜੇ ਤਾਂ ਉਨ੍ਹਾ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਆਓਖੜ ਦੀ ਮੋਤ ਤੋ ਬਾਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨਦੇੜ ਆ ਪਹੁੰਚਿਆ ਤੇ ਰਾਵੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ। ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ਓਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਬੰਦਾ ਹੀ ਚਾਹੀਦਾ ਹੈ।
ਕੁਝ ਦਿਨ ਆਰਾਮ ਕਰਨ ਓਪਰੰਤ ਓਹ ਸਿੰਘਾ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁਜੇ। ਗੁਰੂ ਸਾਹਿਬ ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ। ਜਦ ਵੈਰਾਗੀ ਨੇ ਆਕੇ ਦੇਖਿਆ ਤਾਂ ਮਨ ਹੀ ਮਨ ਵਿਚ ਬੜਾ ਗੁਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਓਣ ਵਿਚ ਲਗ ਗਿਆ। ਜਦ ਉਸਦੀ ਕੋਈ ਸ਼ਕਤੀ ਕੰਮ ਨਾ ਆਈ ਤਾਂ ਓਹ ਸਮਝ ਗਿਆ ਕੀ ਇਹ ਕੋਈ ਸਧਾਰਨ ਹਸਤੀ ਨਹੀਂ ਹੈ।
ਪੈਰੀ ਢਹਿ ਪਿਆ, ਮਾਫ਼ੀ ਮੰਗੀ ਤੇ ਹਰੀ ਚੰਦ ਦਖਣੀ ਨੂੰ ਆਪਣਾ ਉਤਰਾਧਿਕਾਰੀ ਸੋਂਪ ਕੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿਖ ਸਿਧਾਂਤਾ ਤੋਂ ਪੂਰੀ ਜਾਣੂ ਹੋ ਗਿਆ 1 ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ 1 ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ – ਬਾਟੇ ਦੀ ਪਹੁਲ ਦੇਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿਤਾ। ਇਸ ਦੋਰਾਨ ਜਦ ਉਸਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿਖਾਂ ਕੋਲੋਂ ਹਾਲ ਸੁਣਿਆ ਤਾਂ ਉਸਦਾ ਖੂਨ ਖੋਲ ਓਠਿਆ ਤੇ ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ ਸੇਵਾ ਮੰਗੀ।