ਬੀਤੇ ਦਿਨੀਂ ਬਾਰ੍ਹਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਤੀਜੇ ਐਲਾਨੇ ਗਏ।ਜਿਸ ‘ਚ ਕੁੜੀਆਂ ਨੇ ਵੱਡੀ ਗਿਣਤੀ ‘ਚ ਮੱਲ੍ਹਾਂ ਮਾਰੀਆਂ ਹਨ ਤੇ ਮੁੜ ਆਪਣੀ ਸਰਦਾਰੀ ਕਾਇਮ ਕੀਤੀ ਹੈ।ਪਰ ਇਸ ਮੌਕੇ ਹੈਰਾਨ ਕਾਰਨ ਵਾਲੀ ਗੱਲ ਇਹ ਹੈ ਕਿ ਬਾਰ੍ਹਵੀਂ ਜਮਾਤ ਦੇ ਇੱਕ ਦਿਨ ਪਹਿਲਾਂ ਆਏ ਨਤੀਜੇ ਦੌਰਾਨ 4560 ਵਿਦਿਆਰਥੀ ਪੰਜਾਬੀ ਵਿੱਚੋਂ ਫੇਲ੍ਹ ਹੋ ਗਏ।
ਜਿਸ ਤੋਂ ਸਪੱਸ਼ਟ ਹੈ ਕਿ ਸਮੇਂ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਵੱਧ ਅਧਿਕਾਰ ਦੇਣ ਦੇ ਦਾਅਵੇ ਤੇ ਵਾਅਦੇ ਤਾਂ ਬਹੁਤ ਕਰਦੀਆਂ ਹਨ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਕੋਹਾਂ ਦੂਰ ਹਨ।ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਸ ਦੀ ਮਾਤ-ਭਾਸ਼ਾ ਪੰਜਾਬੀ ਹੈ।ਪੰਜਾਬ ਦੀ ਕੁੱਲ ਆਬਾਦੀ 2 ਕਰੋੜ ਦੇ ਆਸ-ਪਾਸ ਹੈ।ਜਿੱਥੇ ਬਹੁਤੀ ਗਿਣਤੀ ‘ਚ ਲੋਕ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ।
ਬੀਤੇ ਦਿਨੀਂ ਬਾਰ੍ਹਵੀ ਦੇ ਨਤੀਜਿਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਸਰਕਾਰੀ ਸਕੂਲਾਂ ‘ਚ ਪੰਜਾਬੀ ਭਾਸ਼ਾ ਦੀ ਕਿੰਨੀ ਅਹਿਮੀਅਤ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ ਕੁੱਲ 3,01,370 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ।
ਭਾਵੇਂ ਇਹ ਅੰਕੜਾ ਸਿਰਫ ਦੋ ਫੀਸਦੀ ਹੀ ਹੈ, ਪਰ ਫਿਰ ਵੀ ਆਪਣੀ ਮਾਂ ਬੋਲੀ ਵਾਲੇ ਵਿਸ਼ੇ ਵਿੱਚੋਂ ਹੀ ਫੇਲ੍ਹ ਹੋ ਜਾਣਾ ਮੰਦਭਾਗੇ ਰੁਝਾਨ ਦੀ ਨਿਸ਼ਾਨੀ ਹੈ।ਇਸੇ ਤਰ੍ਹਾਂ ਹੀ ਪੰਜਾਬੀ ਸਾਹਿਤ ਦੀ ਪ੍ਰੀਖਿਆ ਦੇਣ ਵਾਲੇ 63,402 ਵਿਚੋਂ ਵੀ 1,424 ਬੱਚੇ ਫੇਲ੍ਹ ਪਾਏ ਗਏ।ਉਰਦੂ ਵਿਸ਼ੇ ਦੀ ਪ੍ਰੀਖਿਆ ਦੇਣ ਵਾਲੇ 136 ਵਿਚੋਂ ਸਿਰਫ਼ 4 ਜਣੇ ਹੀ ਫੇਲ੍ਹ ਹੋਏ ਹਨ।
ਆਮ ਹੀ ਧਾਰਨਾ ਹੈ ਕਿ ਵਿਦਿਆਰਥੀ ਦੇਸ਼ ਦਾ ਜਾਂ ਕਿਸੇ ਵੀ ਸੂਬਾ ਦਾ ਭਵਿੱਖ ਹੁੰਦੇ ਹਨ ਪਰ ਉਹੀ ਵਿਦਿਆਰਥੀ ਜਾਂ ਬੱਚਾ ਜਿਸ ਨੂੰ ਆਪਣੀ ਮਾਤ ਭਾਸ਼ਾ ਹੀ ਨਹੀਂ ਆਉਂਦੀ ਤਾਂ ਦੇਸ਼ ਦਾ ਭਵਿੱਖ ਇਸ ਤੋਂ ਹੀ ਸਪੱਸ਼ਟ ਹੁੰਦਾ ਹੈ।