ਪੈਗੰਬਰ ‘ਤੇ ਵਿਵਾਦਿਤ ਬਿਆਨ ਦੇਣ ‘ਤੇ ਸੁਪਰੀਮ ਕੋਰਟ ਨੇ ਨੁਪੁਰ ਸ਼ਰਮਾ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਉਸ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਸ ਨੇ ਆਪਣੇ ਬਿਆਨ ਨਾਲ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ। ਇਸ ਕਾਰਨ ਦੇਸ਼ ਭਰ ਵਿੱਚ ਅਸ਼ਾਂਤੀ ਫੈਲ ਗਈ ਹੈ।
ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਕਿਹਾ ਕਿ ਨੂਪੁਰ ਨੇ ਟੈਲੀਵਿਜ਼ਨ ‘ਤੇ ਆ ਕੇ ਇਕ ਵਿਸ਼ੇਸ਼ ਧਰਮ ਵਿਰੁੱਧ ਭੜਕਾਊ ਟਿੱਪਣੀ ਕੀਤੀ। ਇਸ ‘ਤੇ ਉਨ੍ਹਾਂ ਨੇ ਸ਼ਰਤਾਂ ਨਾਲ ਮੁਆਫੀ ਮੰਗੀ, ਉਹ ਵੀ ਉਦੋਂ ਜਦੋਂ ਉਨ੍ਹਾਂ ਦੇ ਬਿਆਨ ‘ਤੇ ਲੋਕਾਂ ਦਾ ਗੁੱਸਾ ਭੜਕ ਗਿਆ ਸੀ। ਹੁਣ ਮੁਆਫੀ ਮੰਗਣ ਲਈ ਬਹੁਤ ਦੇਰ ਹੋ ਗਈ ਹੈ।
ਅਦਾਲਤ ਦੀ ਫਟਕਾਰ ਤੋਂ ਬਾਅਦ ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਨੂਪੁਰ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਹੈ ਅਤੇ ਉਸ ਨੇ ਇਸ ਨੂੰ ਵਾਪਸ ਵੀ ਲੈ ਲਿਆ ਹੈ। ਇਸ ‘ਤੇ ਅਦਾਲਤ ਨੇ ਕਿਹਾ ਕਿ ਉਹ ਟੀਵੀ ‘ਤੇ ਆ ਕੇ ਪੂਰੇ ਦੇਸ਼ ਤੋਂ ਮੁਆਫੀ ਮੰਗਣ। ਇਸ ਦੇ ਨਾਲ ਹੀ ਅਦਾਲਤ ਨੇ ਨੂਪੁਰ ਖ਼ਿਲਾਫ਼ ਦਰਜ ਸਾਰੇ ਕੇਸਾਂ ਨੂੰ ਦਿੱਲੀ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ।
ਨੁਪੁਰ ਕੇਸ ਟਰਾਂਸਫਰ ਕਰਨ ਲਈ ਐਸ.ਸੀ. ਤੱਕ ਪਹੁੰਚੀ ਸੀ
ਦਰਅਸਲ ਨੂਪੁਰ ਖਿਲਾਫ ਦਿੱਲੀ, ਕੋਲਕਾਤਾ, ਬਿਹਾਰ ਤੋਂ ਲੈ ਕੇ ਪੁਣੇ ਤੱਕ ਕਈ ਮਾਮਲੇ ਦਰਜ ਹਨ। ਨੂਪੁਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਵੱਖ-ਵੱਖ ਸੂਬਿਆਂ ‘ਚ ਉਸ ਦੇ ਖਿਲਾਫ ਦਰਜ ਸਾਰੇ ਮਾਮਲੇ ਦਿੱਲੀ ਟਰਾਂਸਫਰ ਕੀਤੇ ਜਾਣ। ਪਟੀਸ਼ਨ ‘ਚ ਨੂਪੁਰ ਨੇ ਕਿਹਾ ਸੀ ਕਿ ਉਸ ਨੂੰ ਵੱਖ-ਵੱਖ ਸੂਬਿਆਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਨੂਪੁਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।