ਉਜ਼ਬੇਕਿਸਤਾਨ ‘ਚ ਕਾਰਾਕਲਪਾਕਿਸਤਾਨ ਖੇਤਰ ਦੀ ਰਾਜਧਾਨੀ ਨੁਕੁਸ ‘ਚ 1 ਜੁਲਾਈ ਨੂੰ ਹੋਈ ਹਿੰਸਾ ‘ਚ ਹੁਣ ਤੱਕ 18 ਲੋਕ ਮਾਰੇ ਜਾ ਚੁੱਕੇ ਹਨ ਅਤੇ 243 ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਜ਼ਬੇਕ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਦੇ ਵਕੀਲ ਅਬਰੋਰ ਮਮਾਤੋਵ ਨੇ ਦੱਸਿਆ ਕਿ ਨੁਕੁਸ ‘ਚ ਹੋਈ ਹਿੰਸਾ ‘ਚ 18 ਲੋਕ ਮਾਰੇ ਗਏ। ਉਜ਼ਬੇਕਿਸਤਾਨ ਰਾਸ਼ਟਰੀ ਸੁਰੱਖਿਆ ਦੇ ਬੁਲਾਰੇ ਡਾਬਰੋਨ ਜੁਮਾਨਿਯਾਜੋਵ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 94 ਦਾ ਹਾਲੇ ਵੀ ਹਸਪਤਾਲ ਵਿਚ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ 516 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਨੁਕਸ ਦੇ ਬਾਹਰਲੇ ਬਾਜ਼ਾਰ ਖੇਤਰ ਵਿੱਚ ਸਥਾਨਕ ਬਲਾਗਰ ਦੀ ਰਿਹਾਈ ਦੀ ਮੰਗ ਲਈ ਲੋਕਾਂ ਨੇ “ਸੰਵਿਧਾਨਕ ਸੋਧਾਂ ਦੇ ਵਿਰੁੱਧ ਪ੍ਰਦਰਸ਼ਨ” ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦਾ ਮੰਨਣਾ ਸੀ ਕਿ ਜੇ ਸੋਧਾਂ ਨੂੰ ਅਪਣਾਇਆ ਗਿਆ ਤਾਂ ਕਰਾਕਲਪਕਸਤਾਨ ਉਜ਼ਬੇਕਿਸਤਾਨ ਤੋਂ ਵੱਖ ਹੋਣ ਦਾ ਆਪਣਾ ਅਧਿਕਾਰ ਗੁਆ ਸਕਦਾ ਹੈ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ਿਓਯੇਵ ਨੇ 2 ਅਗਸਤ ਤੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ ਅਸ਼ਾਂਤੀ ਤੋਂ ਬਾਅਦ ਕਰਫਿਊ ਲਗਾ ਦਿੱਤਾ ਹੈ।