ਪੰਜਾਬ ਕੈਬਨਿਟ ‘ਚ ਵਿਸਥਾਰ ਤੋਂ ਬਾਅਦ ਬੀ.ਜੇ.ਪੀ. ਆਗੂ ਹਰਜੀਤ ਗਰੇਵਾਲ CM ਭਗਵੰਤ ਸਿੰਘ ਮਾਨ ਨੂੰ ਜਿਥੇ ਪੰਜਾਬ ਕੈਬਨਿਟ ‘ਚ ਵਿਸਥਾਰ ਦੀ ਵਧਾਈ ਦਿੰਦੇ ਨਜ਼ਰ ਆਏ, ਉਥੇ ਹੀ ਉਨ੍ਹਾਂ ਚੁਣੇ ਹੋਏ 92 ਵਿਧਾਇਕਾਂ ਦੇ ਰੂਪ ‘ਚ 92 ਹੀਰਿਆਂ ਵਾਲੇ CM ਮਾਨ ਦੇ ਬਿਆਨ ‘ਤੇ ਉਨ੍ਹਾਂ ਨੂੰ ਘੇਰਦੇ ਹੋਏ ਵੀ ਦਿਖਾਈ ਦਿੱਤੇ। ਉਨ੍ਹਾਂ ਵੱਲੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਜਿਸ ‘ਚ ਉਨ੍ਹਾਂ ਪੰਜਾਬ ਕੈਬਨਿਟ ‘ਚ ਵਿਸਥਾਰ ਦੀ ਪੰਜਾਬ ਮੁੱਖ ਮੰਤਰੀ ਤੇ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ CM ਮਾਨ ਵੱਲੋਂ 92 ਹੀਰਿਆਂ ਦੀ ਗੱਲ ਕਹੇ ਜਾਣ ‘ਤੇ ਉਨ੍ਹਾਂ ਨੂੰ ਆੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ 92 ਹੀਰਿਆਂ ‘ਚੋਂ ਇਕ ਹੀਰਾ ਵਿਜੇ ਸਿੰਗਲਾ ਵੀ ਸੀ ਜਿਸ ਨੂੰ ਹੁਣ ਤੁਸੀਂ ਹੀ ਜੇਲ੍ਹ ਭੇਜਿਆ ਹੋਇਆ ਹੈ। ਉਸ ਵਾਰੇ ਤੁਹਾਡਾ ਕੀ ਬਿਆਨ ਹੈ ਤੇ ਤੁਸੀਂ ਕੀ ਕਹੋਗੇ।
ਗਰੇਵਾਲ ਨੇ ਅੱਗੇ ਕਿਹਾ ਕਿ ਸਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਕਿਸੇ ਵੀ ਰੂਪ ‘ਚ ਠੀਕ ਨਹੀਂ ਹੁੰਦੀਆਂ। ਇਸ ਦੇ ਨਾਲ ਹੀ ਮਾਨ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕੀ ਸਾਨੂੰ ਹੁਣ ਕਾਮੇਡੀ ਸਰਕਸ ਤੋਂ ਬਾਹਰ ਆ ਜਾਉਣਾ ਚਾਹੀਦਾ ਹੈ ਤੇ ਪੰਜਾਬ ਦੇ ਭਲੇ,ਸ਼ਾਂਤੀ ਤੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਹੁਣ ਗੰਭੀਰ ਹੋ ਜਾਣਾ ਚਾਹੀਦਾ ਹੈ। ਉਹ ਨਾ ਵਿਧਾਨ ਸਭਾ ‘ਚ ਗੰਭੀਰ ਸਨ ਤੇ ਨਾ ਹੀ ਹੁਣ ਪੰਜਾਬ ਦੀ ਰਾਜਨੀਤੀ ‘ਚ ਗੰਭੀਰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਾਲੇ ਕਾਮੇਡੀ ਤੋਂ ਹੀ ਬਾਹਰ ਨਹੀਂ ਆਏ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਉਹ ਹੋ ਸਕੇ ਤਾਂ ਜਲਦ ਤੋਂ ਜਲਦ ਕਾਮੇਡੀ ਤੋਂ ਬਾਹਰ ਆ ਜਾਣ।