ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਲਦ ਕੈਨੇਡਾ ਲਈ ਦੋ ਚਾਰਟਰ ਫਲਾਈਟਾਂ ਸ਼ੁਰੂ ਹੋਣਗੀਆਂ। ਇੱਕ ਨਿੱਜੀ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਆਪਣੀ ਚਾਰਟਰ ਫਲਾਈਟਾਂ ਸ਼ੁਰੂ ਕਰਨ ਲਈ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ ਹੈ। ਅਧਿਕਾਰੀਆਂ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀ ਪ੍ਰਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ।
ਕੈਨੇਡਾ ਦੀ ਕੰਪਨੀ ਡਾਗਵਰਕਰਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਟੋਰਾਂਟੋ ਤੇ ਵੈਨਕੂਵਰ ਲਈ ਸਿੱਧੀ ਚਾਰਟਰ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਪਹਿਲਾਂ ਫਲਾਈਪਾਪ ਏਅਰਲਾਈਨਸ ਨੇ ਅਕਤੂਬਰ ਤੋਂ ਸ਼ਹਿਰ ਤੋਂ ਲੰਦਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਕੇਸ਼ ਰੰਜਨ ਨੇ ਦੱਸਿਆ ਕਿ ਕੈਨੇਡਾ ਦੀ ਇਸ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਤੇ ਹੁਣ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਹੈ। ਸ਼ੁਰੂਆਤ ਵਿਚ ਇਹ 200 ਸੀਟਾਂ ਵਾਲੇ ਜਹਾਜ਼ਾਂ ਨਾਲ ਲਗਭਗ ਤਿੰਨ ਮਹੀਨੇ ਲਈ ਸੀਜਨਲ ਫਲਾਈਟਾਂ ਹੋਣਗੀਆਂ ਪਰ ਬਾਅਦ ਵਿਚ ਯਾਤਰੀਆਂ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਇਸ ਦੀ ਆਵਾਜਾਈ ਤੇ ਉਡਾਣ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ।