ਨਵੀਂ ਦਿੱਲੀ, 8 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 21 ਜੂਨ ਤੋਂ 18+ ਲਈ ਵੈਕਸੀਨ ਨੂੰ ਲੈਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ‘ਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਲਈ ਰਾਜਾਂ ਨੂੰ ਟੀਕਾ ਮੁਫ਼ਤ ’ਚ ਮੁਹੱਈਆ ਕਰਵਾਇਆ ਜਾਵੇਗਾ ਅਤੇ ਅਗਲੇ ਦੋ ਹਫਤਿਆਂ ਅੰਦਰ ਇਸ ਨਾਲ ਸਬੰਧਤ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਦੇਸ਼ ਭਰ ਅੰਦਰ ਕਰੋਨਾ ਰੋਕੂ ਟੀਕਿਆਂ ਦੀ ਸਪਲਾਈ ਤੇਜ਼ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਨੇ ਵੈਕਸੀਨ ਨਿਰਮਾਤਾਵਾਂ ਤੋਂ 75 ਫੀਸਦ ਖੁਰਾਕਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ ਜਿਸ ’ਚ ਰਾਜਾਂ ਦੇ ਕੋਟੇ ਦਾ 25 ਫੀਸਦ ਹਿੱਸਾ ਵੀ ਸ਼ਾਮਲ ਹੈ ਅਤੇ ਇਹ ਖੁਰਾਕਾਂ ਰਾਜ ਸਰਕਾਰਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਦੇ ਹਸਪਤਾਲ 25 ਫੀਸਦ ਟੀਕੇ ਖਰੀਦ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਟੀਕਾ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਖਰੀਦਣਾ ਪਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਕੇਸ ਘਟਣ ਦੇ ਮੱਦੇਨਜ਼ਰ ਪਾਬੰਦੀਆਂ ’ਚ ਢਿੱਲ ਦੇਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਪਰ ਟੀਕਾਕਰਨ ਕਰੋਨਾਵਾਇਰਸ ਖ਼ਿਲਾਫ਼ ਇੱਕ ਰੱਖਿਆ ਕਵਚ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦਵਾਈਆਂ ਬਣਾਉਣ ਵਾਲੀਆਂ ਸੱਤ ਕੰਪਨੀਆ ਵੈਕਸੀਨ ਦਾ ਉਤਪਾਦਨ ਕਰ ਰਹੀਆਂ ਹਨ ਅਤੇ ਤਿੰਨ ਵੈਕਸੀਨਾਂ ਦੇ ਟਰਾਇਲ ਆਖਰੀ ਗੇੜ ’ਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਦੀਆਂ ਕੰਪਨੀਆਂ ਤੋਂ ਵੀ ਟੀਕਿਆਂ ਦੀ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ। ਸਿਹਤ ਮਾਹਿਰਾਂ ਵੱਲੋਂ ਕਰੋਨਾਵਾਇਰਸ ਦੇ ਬੱਚਿਆਂ ’ਤੇ ਪੈਣ ਵਾਲੇ ਪ੍ਰਭਾਵ ਦੇ ਖਦਸ਼ੇ ਬਾਰੇ ਉਨ੍ਹਾਂ ਕਿਹਾ ਕਿ ਇਸ ਦਿਸ਼ਾ ’ਚ ਦੋ ਵੈਕਸੀਨਾਂ ਦੇ ਟਰਾਇਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨੱਕ ’ਚ ਸਪਰੇਅ ਕੀਤੀ ਜਾਣ ਵਾਲੀ ਵੈਕਸੀਨ ’ਤੇ ਖੋਜ ਜਾਰੀ ਹੈ ਅਤੇ ਜੇਕਰ ਇਹ ਖੋਜ ਕਾਮਯਾਬ ਰਹਿੰਦੀ ਹੈ ਤਾਂ ਭਾਰਤ ’ਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇ ਘੱਟ ਸਮੇਂ ਅੰਦਰ ਦੋ ਸਵਦੇਸ਼ੀ ਟੀਕੇ ਬਣਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ 23 ਕਰੋੜ ਤੋਂ ਵੱਧ ਖੁਰਾਕਾਂ ਹੁਣ ਤੱਕ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਜੰਗੀ ਪੱਧਰ ’ਤੇ ਕੋਸ਼ਿਸ਼ਾਂ ਜਾਰੀ ਹਨ ਤੇ ਜ਼ਰੂਰੀ ਮੈਡੀਕਲ ਸਪਲਾਈ ਦਾ ਉਤਪਾਦਨ ਤੇਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਖ ਵੱਖ ਮੁਹਾਜ਼ਾਂ ’ਤੇ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਦੇਸ਼ ਭਰ ’ਚ ਨਵਾਂ ਸਿਹਤ ਢਾਂਚਾ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਭਾਰਤ ਨੇ ਬਹੁਤ ਦੁੱਖ ਝੱਲੇ ਹਨ ਅਤੇ ਕਈ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ। ਉਨ੍ਹਾਂ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। -ਪੀਟੀਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਦੇਸ਼ ਦੇ 80 ਕਰੋੜ ਲੋੜਵੰਦਾਂ ਨੂੰ ਦੀਵਾਲੀ ਤੱਕ ਮੁਫ਼ਤ ਅੰਨ ਮੁਹੱਈਆ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਰਕਾਰ ਗਰੀਬਾਂ ਤੇ ਲੋੜਵੰਦਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘ਸਰਕਾਰ ਨੇ ਅੱਜ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਹੁਣ ਦੀਵਾਲੀ ਤੱਕ ਵਧਾ ਦਿੱਤੀ ਗਈ ਹੈ। ਹੁਣ ਨਵੰਬਰ ਮਹੀਨੇ ਤੱਕ ਦੇਸ਼ ਦੇ 80 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਨਿਰਧਾਰਤ ਮਾਤਰਾ ਤੱਕ ਅਨਾਜ ਮੁਫ਼ਤ ਦਿੱਤਾ ਜਾਵੇਗਾ।’