ਭਾਜਪਾ ਚੋਂ ਨਿਕਲ ਕੇ ਮਮਤਾ ਬੈਨਰਜੀ ਦੀ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਮੁਕੁਲ ਤੋਂ ਵੀਆਈਪੀ ਸੁਰੱੱਖਿਆ ਵਾਪਿਸ ਲੈ ਲਈ ਗਈ ਹੈ। ਮੁਕੁਲ਼ ਰਾਏ ਤੋਂ ‘ਜ਼ੈੱਡ’ ਸ਼੍ਰੇਣੀ ਦੀ ਵੀ.ਆਈ.ਪੀ. ਸੁਰੱਖਿਆ ਵਾਪਸ ਲੈ ਲਈ ਗਈ ਹੈ। ਦੱਸ ਦਈਏ ਕਿ ਅਜੇੇ ਕੁਝ ਦਿਨ ਪਹਿਲਾਂ ਹੀ ਮੁਕੁਲ ਰਾਏ ਭਾਜਪਾ ਛੱਡ ਕੇ ਤ੍ਰਿਣਮੂਲ ਕਾਂਗਰਸ ‘ਚ ਵਾਪਸ ਆਏ ਸੀ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ.ਆਰ.ਪੀ.ਐੱਫ. ਨੂੰ 67 ਸਾਲਾ ਮੁਕੁਲ ਰਾਏ ਦੀ ਸੁਰੱਖਿਆ ‘ਚ ਤਾਇਨਾਤ ਜਵਾਨਾਂ ਨੂੰ ਵਾਪਸ ਬੁਲਾਉਣ ਦਾ ਨਿਰਦੇਸ਼ ਦਿੱਤਾ ਹੈ। ਰਾਏ ਅਤੇ ਉਨ੍ਹਾਂ ਦੇ ਪੁੱਤਰ ਸ਼ੁਰਭਾਂਸ਼ੁ ਪਿਛਲੇ ਹਫ਼ਤੇ ਕੋਲਕਾਤਾ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ.ਐੱਮ.ਸੀ. ‘ਚ ਸ਼ਾਮਲ ਹੋ ਗਏ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਦੇ ਰੂਪ ‘ਚ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਰਾਏ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਸੁਰੱਖਿਆ ਹਟਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
ਇਸ ਤੋਂ ਪਹਿਲਾਂ 2017 ‘ਚ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਏ ਨੇ ਪਾਰਟੀ ਛੱਡ ਦਿੱਤੀ ਸੀ ਅਤੇ ਨਵੰਬਰ 2017 ‘ਚ ਭਾਜਪਾ ‘ਚ ਸ਼ਾਮਲ ਹੋ ਗਏ ਸ਼ਨ। ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਨੀਮ ਫ਼ੌਜੀ ਫ਼ੋਰਸ ਸੀ.ਆਰ.ਪੀ.ਐੱਫ. ਦੀ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ, ਜੋ ਇਸ ਸਾਲ ਮਾਰਚ-ਅਪ੍ਰੈਲ ‘ਚ ਪੱਛਮੀ ਬੰਗਾਲ ‘ਚ ਵਿਧਾਨ ਸਭਾ ਤੋਂ ਠੀਕ ਪਹਿਲਾਂ ਵਧਾ ਕੇ ‘ਜ਼ੈੱਡ’ ਸ਼੍ਰੇਣੀ ਦੀ ਕਰ ਦਿੱਤੀ ਗਈ ਸੀ। ਰਾਏ ਜਦੋਂ ਵੀ ਪੱਛਮੀ ਬੰਗਾਲ ‘ਚ ਕਿਤੇ ਜਾਂਦੇ ਸਨ ਤਾਂ ਹਰ ਵਾਰ ਉਨ੍ਹਾਂ ਨਾਲ ਸੀ.ਆਰ.ਪੀ.ਐੱਫ. ਦੇ 22-24 ਹਥਿਆਰਬੰਦ ਕਮਾਂਡੋ ਦਾ ਜੱਥਾ ਹੁੰਦਾ ਸੀ। ਸੂਤਰਾਂ ਨੇ ਦੱਸਿਆ ਕਿ ਰਾਏ ਦੇ ਪੁੱਤਰ ਨੂੰ ਸੀ.ਆਈ.ਐੱਸ.ਐੱਫ. ਦੀ ਘੱਟ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ, ਉਹ ਵੀ ਵਾਪਸ ਲੈ ਲਈ ਗਈ ਹੈ। ਹੁਣ ਰਾਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਸੂਬਾ ਪੁਲਸ ਸੁਰੱਖਿਆ ਦੇ ਰਹੀ ਹੈ।