ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨ ਅੱਜ ਇਥੇ ਬੰਗਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਅੰਦਰੌਲੀ ਪਿੰਡ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਗਏ ਜਦੋਂਕਿ ਚਾਰ ਨੌਜਵਾਨਾਂ ਨੇ ਤੈਰ ਕੇ ਜਾਨ ਬਚਾਈ। ਜਿਕਰਯੋਗ ਹੈ ਕਿ ਇਹਨਾ ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਪਵਨ ਕੁਮਾਰ (35), ਰਮਨ ਕੁਮਾਰ (19), ਲਾਭ ਕੁਮਾਰ (17), ਲਖਬੀਰ ਸਿੰਘ (16), ਅਰੁਣ ਕੁਮਾਰ(14), ਵਿਸ਼ਾਲ ਕੁਮਾਰ(18) ਤੇ ਸ਼ਿਵ ਕੁਮਾਰ (16) ਵਜੋਂ ਦੱਸੀ ਗਈ ਹੈ। ਤੈਰ ਕੇ ਕੰਢੇ ਲੱਗੇ ਨੌਜਵਾਨਾਂ ਵਿੱਚ ਕ੍ਰਿਸ਼ਨ ਲਾਲ(32), ਗੁਰਪ੍ਰੀਤ ਸਿੰਘ (23), ਰਮਨ ਕੁਮਾਰ (17) ਤੇ ਸੋਨੂ ਕੁਮਾਰ (28) ਸ਼ਾਮਲ ਹਨ।
ਇਸ ਮੌਕੇ ਮ੍ਰਿਤਕਾਂ ਵਿੱਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਤ ਹਨ। ਇਹ ਸਾਰੇ ਨੌਜਵਾਨ ਮੋਟਰਸਾਈਕਲਾਂ ’ਤੇ ਪੀਰ ਨਗਾਹਾ, ਬਾਬਾ ਬਾਲਕ ਨਾਥ ਮੰਦਿਰ ਅਤੇ ਨੈਣਾ ਦੇਵੀ ਦੀ ਯਾਤਰਾ ਲਈ ਘਰੋਂ ਨਿਕਲੇ ਸਨ।ਵਧੀਕ ਐੱਸਪੀ ਪ੍ਰਵੀਨ ਧੀਮਾਨ ਨੇ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਇੱਕ ਨੌਜਵਾਨ ਝੀਲ ਵਿੱਚ ਨਹਾਉਣ ਲੱਗਿਆ ਸੀ ਕਿ ਜ਼ਿਆਦਾ ਡੂੰਘਾਈ ਕਾਰਨ ਉਹ ਪਾਣੀ ਵਿੱਚ ਵਹਿਣ ਲੱਗ ਪਿਆ। ਉਸ ਨੂੰ ਬਚਾਉਣ ਲਈ ਬਾਕੀ ਸਾਥੀ ਮਨੁੱਖੀ ਚੇਨ ਬਣਾ ਕੇ ਝੀਲ ਵਿੱਚ ਉਤਰ ਗਏ। ਇਸ ਦੌਰਾਨ ਉਨ੍ਹਾਂ ਦਾ ਹੱਥ ਝੀਲ ਦੇ ਬਾਹਰ ਖੜ੍ਹੇ ਨੌਜਵਾਨਾਂ ਦੇ ਹੱਥ ਨਾਲੋਂ ਛੁਟ ਗਿਆ, ਜਿਸ ਕਾਰਨ ਸੱਤ ਨੌਜਵਾਨ ਪਾਣੀ ਵਿੱਚ ਡੁੱਬ ਗਏ।ਮੌਕੇ ’ਤੇ ਪੁੱਜੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਾਰੇ ਸੱਤ ਮ੍ਰਿਤਕਾਂ ਦੀਆਂ ਲਾਸ਼ਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਗੋਤਾਖੋਰਾਂ ਨੇ ਬਰਾਮਦ ਕਰ ਲਈਆਂ ਹਨ।