ਇਥੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ 19 ਘੰਟਿਆਂ ਬਾਅਦ ਅੱਜ ਸਵੇਰੇ 10 ਵਜੇ ਬੰਦ ਕਰ ਦਿੱਤਾ ਗਿਆ। ਇਹ ਗੇਟ ਲੰਘੇ ਦਿਨ ਬਾਅਦ ਦੁਪਹਿਰ 3.15 ਵਜੇ ਖੋਲ੍ਹਿਆ ਗਿਆ ਸੀ। ਉਦੋਂ ਝੀਲ ਵਿੱਚ ਪਾਣੀ ਦਾ ਪੱਧਰ 1162.70 ਫੁੱਟ ਸੀ, ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ।
ਸੋਮਵਾਰ ਸਵੇਰ ਸਮੇਂ ਫਲੱਡ ਗੇਟ ਬੰਦ ਕਰਨ ਸਮੇਂ ਵੀ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾਂ ਹੈ ਪਰ ਝੀਲ ਵਿੱਚ ਪਾਣੀ ਦੀ ਆਮਦ ਘਟਣ ਕਰਕੇ ਫਲੱਡ ਗੇਟ ਬੰਦ ਕਰ ਦਿੱਤਾ ਹੈ।
ਚੰਡੀਗੜ੍ਹ ਅਤੇ ਆਲੇ ਦੁਆਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਰਕੇ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਨੂੰ ਦੋ ਇੰਚ ਤੱਕ ਖੋਲ੍ਹ ਦਿੱਤਾ ਗਿਆ।