ਬੰਗਾਲ ਦੇ ਮਸ਼ਹੂਰ ਅਧਿਆਪਕ ਭਰਤੀ ਘੁਟਾਲੇ ਦੇ ਦੋਸ਼ੀ ਮਮਤਾ ਬੈਨਰਜੀ ਸਰਕਾਰ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ ‘ਤੇ ਇਕ ਔਰਤ ਨੇ ਚੱਪਲ ਸੁੱਟ ਕੇ ਮਾਰੀ ਹੈ। ਪਾਰਥ ‘ਤੇ ਚੱਪਲਾਂ ਉਸ ਸਮੇਂ ਸੁੱਟੀਆਂ ਗਈਆਂ ਜਦੋਂ ਉਸ ਨੂੰ ਕੋਲਕਾਤਾ ਦੇ ਈਐਸਆਈਸੀ ਹਸਪਤਾਲ ਵਿਚ ਡਾਕਟਰੀ ਇਲਾਜ ਲਈ ਲਿਆਂਦਾ ਗਿਆ। ਔਰਤ ਇੱਥੇ ਆਪਣੇ ਪਰਿਵਾਰ ਦਾ ਇਲਾਜ ਕਰਵਾ ਰਹੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਾਰਾਜ਼ ਔਰਤ ਨੇ ਕਿਹਾ ਕਿ ਪਾਰਥ ਚੈਟਰਜੀ ਵਰਗੇ ਲੋਕ ਜਨਤਾ ਤੋਂ ਕਰੋੜਾਂ ਰੁਪਏ ਲੁੱਟ ਕੇ ਆਪਣੇ ਘਰ ਦੀਆਂ ਤਿਜੋਰੀਆਂ ਭਰ ਰਹੇ ਹਨ। ਅਜਿਹੇ ਭ੍ਰਿਸ਼ਟਾਚਾਰੀ ਨੂੰ ਏਸੀ ਕਾਰ ਵਿੱਚ ਹਸਪਤਾਲ ਲਿਆਂਦਾ ਜਾਂਦਾ ਹੈ। ਉਨ੍ਹਾਂ ਦੇ ਗਲੇ ਵਿੱਚ ਰੱਸੀ ਬੰਨ੍ਹ ਕੇ ਉਨ੍ਹਾਂ ਨੂੰ ਖਿੱਚਿਆ ਜਾਣਾ ਚਾਹੀਦਾ ਹੈ।
ਮਹਿਲਾ ਨੇ ਕਿਹਾ ਕਿ ਮੈਂ ਆਪਣੇ ਮਰੀਜ਼ ਦੀ ਦਵਾਈ ਲੈਣ ਗਈ ਸੀ ਪਰ ਪਾਰਥ ਨੂੰ ਦੇਖ ਕੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਸ ‘ਤੇ ਚੱਪਲਾਂ ਨਾਲ ਹਮਲਾ ਕਰ ਦਿੱਤਾ। ਮੈਨੂੰ ਹੋਰ ਵੀ ਖੁਸ਼ੀ ਹੁੰਦੀ ਜੇ ਇਹ ਚੱਪਲਾਂ ਉਸ ਦੇ ਗੰਜੇ ਸਿਰ ‘ਤੇ ਵਜਦੀਆਂ। ਉਨ੍ਹਾਂ ਕਿਹਾ ਕਿ ਚਲੋਂ ਮੈਂ ਤੇ ਨੰਗੇ ਪੈਰੀਂ ਤੁਰ ਲਵਾਂਗੀ ਪਰ ਇਨ੍ਹਾਂ ਲੁਟੇਰਿਆਂ ਨੂੰ ਕਦੋਂ ਤਕ ਸਰਕਾਰੀ ਸਹੂਲਤਾਂ ਮਿਲਦੀਆਂ ਰਹਿਣਗੀਆਂ। ਦੱਸ ਦੇਈਏ ਕਿ ਪਾਰਥ ਚੈਟਰਜੀ ਅਤੇ ਅਰਪਿਤਾ ਮੁਖਰਜੀ ਨੂੰ ਹਰ 48 ਘੰਟਿਆਂ ਬਾਅਦ ਮੈਡੀਕਲ ਟੈਸਟ ਲਈ ESIC ਹਸਪਤਾਲ ਲਿਆਂਦਾ ਜਾਂਦਾ ਹੈ।
ਅੱਜ ਸਵੇਰੇ ਅਰਪਿਤਾ ਨੇ ਈਡੀ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਫਲੈਟ ਤੋਂ ਜੋ ਵੀ ਪੈਸਾ ਬਰਾਮਦ ਹੋਇਆ ਹੈ, ਉਹ ਉਸ ਦਾ ਨਹੀਂ ਹੈ ਅਤੇ ਉਸ ਨੂੰ ਇਸ ਪੈਸੇ ਦੇ ਸਰੋਤ ਦਾ ਵੀ ਪਤਾ ਨਹੀਂ ਹੈ। ਜਦਕਿ ਪਾਰਥ ਚੈਟਰਜੀ ਨੇ ਕਿਹਾ ਕਿ ਉਸ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਾਰਥ ਅਤੇ ਅਰਪਿਤਾ ਦੀਆਂ 6 ਸੰਪਤੀਆਂ ‘ਤੇ ਅੱਜ ਸਵੇਰ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ।