ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੀ ਕੰਪਨੀ ਯੰਗ ਇੰਡੀਅਨ ਦੇ ਦਫ਼ਤਰ ’ਤੇ ਅੱਜ ਮਲਿਕਾਰਜੁਨ ਖੜਗੇ ਦੀ ਹਾਜ਼ਰੀ ’ਚ ਛਾਪੇ ਮਾਰਨ ਦੀ ਕਾਰਵਾਈ ਮੁੜ ਤੋਂ ਆਰੰਭੀ। ਈਡੀ ਨੇ ਯੰਗ ਇੰਡੀਅਨ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਖੜਗੇ (80) ਦੁਪਹਿਰ ਕਰੀਬ 12.40 ਵਜੇ ਆਈਟੀਓ ਨੇੜੇ ਬਹਾਦਰ ਸ਼ਾਹ ਜ਼ਫ਼ਰ ਮਾਰਗ ’ਤੇ ਨੈਸ਼ਨਲ ਹੈਰਾਲਡ ਦੇ ਦਫ਼ਤਰ ’ਚ ਪੁੱਜੇ। ਈਡੀ ਨੇ ਉਨ੍ਹਾਂ ਨੂੰ ਯੰਗ ਇੰਡੀਅਨ ’ਤੇ ਛਾਪੇ ਦੌਰਾਨ ਹਾਜ਼ਰ ਰਹਿਣ ਲਈ ਸੰਮਨ ਭੇਜੇ ਸਨ ਕਿਉਂਕਿ ਉਹ ਕੰਪਨੀ ਦੇ ਮੁੱਖ ਅਧਿਕਾਰੀਆਂ ’ਚੋਂ ਇਕ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਸ਼ੇਅਰਹੋਲਡਰਾਂ ’ਚ ਸ਼ਾਮਲ ਹਨ। ਰਾਹੁਲ ਅਤੇ ਕਾਂਗਰਸ ਪ੍ਰਧਾਨ ਦੀ ਕੰਪਨੀ ’ਚ 38-38 ਫ਼ੀਸਦ ਦੀ ਹਿੱਸੇਦਾਰੀ ਹੈ। ਕੇਂਦਰੀ ਏਜੰਸੀ ਨੇ ਚਾਰ ਮੰਜ਼ਿਲਾ ਹੈਰਾਲਡ ਹਾਊਸ ਬਿਲਡਿੰਗ ਦੀ ਗਰਾਊਂਡ ਫਲੋਰ ’ਤੇ ਸਥਿਤ ਯੰਗ ਇੰਡੀਅਨ ਦੇ ਇਕ ਕਮਰੇ ਵਾਲੇ ਦਫ਼ਤਰ ’ਤੇ ਆਰਜ਼ੀ ਸੀਲ ਲਗਾ ਦਿੱਤੀ ਸੀ ਤਾਂ ਜੋ ਸਬੂਤਾਂ ਨਾਲ ਛੇੜਖਾਨੀ ਨਾ ਹੋ ਸਕੇ ਕਿਉਂਕਿ ਈਡੀ ਪਿਛਲੇ ਦੋ ਦਿਨਾਂ ਤੋਂ ਕੰਪਨੀ ’ਤੇ ਤਾਲਾ ਲੱਗਿਆ ਹੋਣ ਅਤੇ ਅਧਿਕਾਰਿਤ ਨੁਮਾਇੰਦਾ ਨਾ ਹੋਣ ਕਾਰਨ ਉਸ ਦੀ ਤਲਾਸ਼ੀ ਨਹੀਂ ਲੈ ਸਕੀ ਸੀ।
ਅਧਿਕਾਰੀਆਂ ਨੇ ਕਿਹਾ ਕਿ ਯੰਗ ਇੰਡੀਅਨ ਦੇ ਦਫ਼ਤਰ ’ਤੇ ਹੁਣ ਤਲਾਸ਼ੀ ਲੈ ਕੇ ਸੰਭਾਵਿਤ ਸਬੂਤ ਇਕੱਤਰ ਕੀਤੇ ਜਾਣਗੇ। ਨੈਸ਼ਨਲ ਹੈਰਾਲਡ-ਏਜੇਐੱਲ-ਯੰਗ ਇੰਡੀਅਨ ਸੌਦੇ ’ਚ ਭ੍ਰਿਸ਼ਟਾਚਾਰ ਦੀ ਜਾਂਚ ਲਈ ਈਡੀ ਨੇ ਮੰਗਲਵਾਰ ਨੂੰ ਹੈਰਾਲਡ ਹਾਊਸ ਸਮੇਤ ਦਰਜਨਾਂ ਥਾਵਾਂ ’ਤੇ ਛਾਪੇ ਮਾਰੇ ਸਨ। ਈਡੀ ਵੱਲੋਂ ਇਸ ਮਾਮਲੇ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਖੜਗੇ ਤੇ ਪਵਨ ਬਾਂਸਲ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ।