ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੇਰ ਰਾਤ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪਟਿਆਲਾ ਜੇਲ੍ਹ ’ਚ ਬੰਦ ਗਾਇਕ ਦੇ ਲਿਵਰ ’ਚ ਦੇਰ ਰਾਤ ਤਕਲੀਫ ਹੋਈ ਦੱਸੀ ਜਾ ਰਹੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਅਚਾਨਕ ਹਸਪਤਾਲ ਲਿਜਾਇਆ ਗਿਆ।
ਦੱਸ ਦੇਈਏ ਕਿ ਦਲੇਰ ਮਹਿੰਦੀ 19 ਸਾਲ ਪੁਰਾਣੇ ਕਬੂਤਰਬਾਜ਼ੀ ਮਾਮਲੇ ’ਚ 2 ਸਾਲ ਦੀ ਸਜ਼ਾ ਕੱਟ ਰਹੇ ਹਨ। ਸਾਲ 2003 ’ਚ ਪਟਿਆਲਾ ਪੁਲਸ ਨੇ ਪਿੰਡ ਬਲਬੇੜਾ ਹਲਕਾ ਸਨੌਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ’ਤੇ ਦਲੇਰ ਮਹਿੰਦੀ, ਉਸ ਦੇ ਭਰਾ ਸ਼ਮਸ਼ੇਰ ਸਿੰਘ, ਧਿਆਨ ਸਿੰਘ ਤੇ ਬੁਲਬੁਲ ਮਹਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਬਖਸ਼ੀਸ਼ ਸਿੰਘ ਨੇ ਕਿਹਾ ਸੀ ਕਿ ਦਲੇਰ ਮਹਿੰਦੀ ਨੇ 20 ਲੱਖ ਰੁਪਏ ਲੈ ਕੇ ਉਸ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ ਸੀ। ਹਾਲਾਂਕਿ ਨਾ ਤਾਂ ਉਸ ਨੂੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਇਸ ਮਾਮਲੇ ’ਚ ਦਲੇਰ ਮਹਿੰਦੀ ਵਲੋਂ ਪੰਜਾਬ-ਹਰਿਆਣਾ ਹਾਈਕੋਰਟ ’ਚ ਜ਼ਮਾਨਤ ਅਰਜ਼ੀ ਦਿੱਤੀ ਗਈ ਹੈ, ਜਿਸ ’ਤੇ ਸੁਣਵਾਈ 15 ਸਤੰਬਰ ਨੂੰ ਹੋਵੇਗੀ।