ਗੁਜਰਾਤ ਵਿੱਚ 2002 ਤੋਂ ਬਾਅਦ ਦੇ ਗੋਧਰਾ ਦੰਗਿਆਂ ਦੀ ਪੀੜਤ ਬਿਲਕੀਸ ਬਾਨੋ ਨੇ ਕਿਹਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਨਾਲ ਜੁੜੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਉਸ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਟੁੱਟ ਗਿਆ ਹੈ।
ਬਿਲਕੀਸ ਬਾਨੋ ਨੇ ਗੁਜਰਾਤ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਸ਼ਾਂਤੀ ਅਤੇ ਡਰ ਤੋਂ ਬਿਨਾਂ ਜ਼ਿੰਦਗੀ ਜੀਉਣ ਦਾ ਅਧਿਕਾਰ ਵਾਪਸ ਕਰਨ ਦੀ ਅਪੀਲ ਕੀਤੀ।
ਜਿਕਰਯੋਗ ਹੈ ਕਿ ਬਿਲਕਿਸ ਨੇ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 14 ਜੀਆਂ ਦਾ ਕਤਲ ਹੁੰਦਿਆਂ ਹੋਇਆ ਦੇਖਿਆ, ਜਿਸ ਵਿੱਚ ਉਨ੍ਹਾਂ ਦੀ ਆਪਣੀ ਧੀ ਵੀ ਸ਼ਾਮਿਲ ਸੀ।ਗੈਂਗ ਰੇਪ ਦਾ ਸ਼ਿਕਾਰ ਬਣ ਕੇ ਅਧਮਰੀ ਹਾਲਤ ‘ਚ ਕਈ ਘੰਟਿਆਂ ਤੱਕ ਪਏ ਰਹਿਣ ਤੋਂ ਬਾਅਦ ਫਿਰ ਹੋਸ਼ ਆਉਣ ‘ਤੇ ਬੜੀ ਮੁਸ਼ਕਿਲ ਨਾਲ ਕੋਲ ਦੀ ਪਹਾੜੀ ‘ਤੇ ਲੁਕ ਕੇ ਉਨ੍ਹਾਂ ਨੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ : 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਵੀ ਲੱਗੇਗੀ ਟਰੇਨ ਟਿਕਟ? ਸਰਕਾਰ ਨੇ ਦੱਸਿਆ ਪੂਰਾ ਸੱਚ
ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਬਿਲਕਿਸ ਬਾਨੋ ਦੀ ਉਮਰ ਕਰੀਬ 20 ਸਾਲ ਦੀ ਹੀ ਹੋਵੇਗੀ। ਜਦੋਂ ਇਹ ਹਾਦਸਾ ਹੋਇਆ ਤਾਂ ਬਿਲਕਿਸ ਬਾਨੋ ਆਪਣੇ ਪਿਤਾ ਦੇ ਪਿੰਡੋਂ ਪਰਿਵਾਰ ਦੇ ਲੋਕਾਂ ਨਾਲ ਦੂਜੇ ਪਿੰਡ ਜਾ ਰਹੀ ਸੀ।
ਆਪਣੇ ਪਿੰਡ ਦੀ ਗੱਲ ਕਰਦਿਆਂ ਬਿਲਕਿਸ ਨੇ ਦੱਸਿਆ, “ਪੂਰਾ ਪਰਿਵਾਰ ਖ਼ਤਮ ਹੋ ਗਿਆ ਸਾਡਾ। ਮਾਰ ਦਿੱਤਾ ਸਾਰਿਆਂ ਨੂੰ।”
ਸਾਲ 2002 ਵਿੱਚ ਜਦੋਂ ਬਿਲਕਿਸ ਨਾਲ ਬਲਾਤਕਾਰ ਹੋਇਆ ਤਾਂ ਉਹ ਉਸ ਵੇਲੇ ਗਰਭਵਤੀ ਸੀ। ਉਨ੍ਹਾਂ ਦੀ ਤਿੰਨ ਸਾਲ ਦੀ ਧੀ ਸਾਲੇਹਾ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।