ਰਮਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਡਟਵੀਂ ਹਮਾਇਤ ਦੇਣ ਲਈ ਮਜੀਠਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਖਿਲਾਫ ਪਿਛਲੀ ਕਾਂਗਰਸ ਸਰਕਾਰ ਨੇ ਸਾਜ਼ਿਸ਼ ਅਧੀਨ ਉਹਨਾਂ ਦਾ ਸਿਆਸੀ ਕੈਰੀਅਰ ਖਤਮ ਕਰਨ ਵਾਸਤੇ ਝੂਠਾ ਕੇਸ ਦਰਜ ਕੀਤਾ ਸੀ।
ਇਥੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਕੱਥੂਨੰਗਲ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਮੈਨੂੰ ਜ਼ਮਾਨਤ ਮਿਲੀ ਤਾਂ ਉਹ ਇਸ ਲਈ ਮਿਲੀ ਹੈ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਹਨ ਤੇ ਹਲਕੇ ਦੇ ਲੋਕ ਮੰਨਦੇ ਹਨ ਕਿ ਮੇਰੇ ਖਿਲਾਫਾ ਸਿਆਸੀ ਵਿਰੋਧੀਆਂ ਨੇ ਝੂਠੇ ਦੋਸ਼ ਲਗਾਏ ਹਨ। ਉਹਨਾਂ ਨੇ ਅਕਾਲ ਪੁਰਖ ਦਾ ਵੀ ਸ਼ੁਕਰਾਨਾ ਕੀਤਾ।
ਤਿੰਨ ਵਾਰ ਵਿਧਾਇਕ ਚੁਣੇ ਗਏ ਸਰਦਾਰ ਬਿਕਰਮ ਸਿੰਘ ਮਜੀਠੀਆ ਦਾਹਲਕੇ ਵਿਚ ਆਉਣ ’ਤੇ ਹਜ਼ਾਰਾਂ ਲੋਕਾਂ ਨੇ ਸਵਾਗਤ ਕੀਤਾ। ਸਰਦਾਰ ਮਜੀਠੀਆ ਨੇ ਹਲਕੇ ਦੇ ਲੋਕਾਂ ਵੱਲੋਂ ਬਿਨਾਂ ਕਿਸੇ ਡਰ ਭੈਅ ਤੋਂ ਉਹਨਾਂ ਦੀ ਡਟਵੀਂ ਮਦਦ ਕਰਨ ਤੇ ਪਿਆਰ ਕਰਨ ਲਈ ਉਹਨਾਂ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਉਹਨਾਂ ਖਿਲਾਫ ਜੋ ਕੇਸ ਦਰਜ ਕੀਤਾ ਗਿਆ ਸੀ, ਉਹ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਾਬਕਾ ਮੰਤਰੀ ਸ੍ਰੀ ਨਵਜੋਤ ਸਿੱਧੂ ਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਮਿਲ ਕੇ ਰਚੀ ਸਾਜ਼ਿਸ਼ ਤਹਿਤ ਦਰਜ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਉਦੋਂ ਤੱਕ ਵਾਰ ਵਾਰ ਡੀ ਜੀ ਪੀ ਬਦਲੇ ਜਦੋਂ ਤੱਕ ਸਿਧਾਰਥ ਚਟੋਪਾਧਿਆਇ ਨੇ ਉਹਨਾਂ ਖਿਲਾਫ ਆਪਣੇ ਹਸਤਾਖ਼ਰ ਹੇਠ ਐਨ ਡੀ ਪੀ ਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਨਹੀਂ ਕਰਵਾਇਆ। ਉਹਨਾਂ ਕਿਹਾ ਕਿ ਇਹ ਉਹੀ ਅਫਸਰ ਸੀ ਜਿਸਦੇ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਨਾਲ ਫਿਰੋਜ਼ਪੁਰ ਵਿਚ ਸਮਝੌਤਾ ਕੀਤਾ ਗਿਆ ਤੇ ਨਾਲ ਹੀ ਲੁਧਿਆਣਾ ਅਦਾਲਤ ਵਿਚ ਬੰਬ ਧਮਾਕੇ ਹੋਏ। ਉਹਨਾਂ ਕਿਹਾ ਕਿ ਸ੍ਰੀ ਚਟੋਪਾਧਿਆਏ, ਜਿਹਨਾਂ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੇਸ ਦਰਜ ਕੀਤਾ ਸੀ, ਨੇ ਉਹਨਾਂ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ ਜਿਹਨਾਂ ਨੇ ਸ੍ਰੀ ਚਟੋਪਾਧਿਆਇਆ ਦੀ ਡੀ ਜੀ ਪੀ ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਜ਼ੁਰਗ ਸ਼ਰਧਾਲੂ ਨਾਲ ਦੁਰਵਿਹਾਰ ਕਰਨ ਵਾਲੇ ਦੋ ਮੁਲਾਜ਼ਮ ਮੁਅੱਤਲ
ਦਰਜ ਕੇਸਾਂ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨਾ ਸਿਰਫ ਦੋਵਾਂ ਸੀਟਾਂ ਤੋਂ ਹਾਰੇ ਬਲਕਿ ਉਹ ਵਿਦੇਸ਼ ਭੱਜ ਗਏ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੌਜੂਦਾ ਮੁੱਖ ਮੰਤਰੀ ਦੋਵਾਂ ਸੀਟਾਂ ਤੋਂ ਹਾਰਿਆ ਹੋਵੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਜੋ ਜੇਲ੍ਹ ਵਿਚ ਬੰਦ ਹਨ, ਉਹ ਇਕ ਦੋਸ਼ੀ ਵਜੋਂ ਸਜ਼ਾ ਕੱਟ ਰਹੇ ਹਨ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਸਾਬਕਾ ਡੀ ਜੀ ਪੀ ਆਈ ਪੀ ਐਸ ਸਹੋਤਾ ਨੇ ਉਹਨਾਂ ਖਿਲਾਫ ਤਤਕਾਲੀ ਮੁੱਖ ਮੰਤਰੀ ਚੰਨੀ ਦੇ ਕਹਿਣ ’ਤੇ ਝੂਠਾ ਕੇਸ ਦਰਜ ਕਰਨ ਦੀ ਥਾਂ ਆਪਣਾ ਅਹੁਦਾ ਹੀ ਛੱਡ ਦਿੱਤਾ ਸੀ। ਉਹਨਾਂ ਕਿਹਾ ਕਿ ਉਹ ਸ੍ਰੀ ਸਹੋਤਾ ਦੇ ਧੰਨਵਾਦੀ ਹਨ ਜਿਹਨਾਂ ਨੇ ਆਪਣੇ ਚਰਿੱਤਰ ਦੀ ਮਜ਼ਬੂਤੀ ਵਿਖਾਈ ਤੇ ਕਿਸੇ ਵੀ ਤਰੀਕੇ ਗਲਤ ਕੰਮ ਵਿਚ ਭਾਈਵਾਲ ਬਣਨ ਤੋਂ ਨਾਂਹ ਕਰ ਦਿੱਤੀ।
ਸਾਬਕਾ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਉਹਨਾਂ ਤੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ’ਤੇ ਵਿਸ਼ਵਾਸ ਪ੍ਰਗਟ ਕਰਨ ਵਾਸਤੇ ਹਲਕੇ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਦੀਆਂ ਲੜੀਆਂ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਦੀ ਪਤਨੀ ਨੂੰ 26000 ਤੋਂ ਵੱਧ ਵੋਟਾਂ ਨਾਲ ਜਿੱਤ ਦੁਆਈ ਹੈ ਜੋ ਕਿ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂ ਦੀ ਸਭ ਤੋਂ ਵੱਡੀ ਜਿੱਤ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਇਸ ਕਰ ਕੇ ਲੋਕਾਂ ਦਾ ਧੰਨਵਾਦ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਅਦਾਲਤ ਵਿਚ ਸਰੰਡਰ ਕਰਨਾ ਪਿਆ ਸੀ।