ਪੰਜਾਬ ਵਿੱਚ ਗਊਆਂ ’ਤੇ ਪਈ ਲੰਪੀ ਸਕਿਨ ਦੀ ਮਾਰ ਮਗਰੋਂ ਹੁਣ ਸੂਰਾਂ ਨੂੰ ਛੂਤ ਦੀ ਬਿਮਾਰੀ ਨੇ ਜਕੜ ਲਿਆ ਹੈ।ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਪੋਲਟਰੀ ਪਾਲਣ ਵਿਭਾਗ ਨੇ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਤੋਂ ਪੀੜਤ ਸੂਰਾਂ ਨੂੰ ਤੁਰੰਤ ਮਾਰਨ ਦੇ ਹੁਕਮ ਦਿੱਤੇ ਹਨ। ਵਿਭਾਗ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਸੂਰਾਂ ਦੇ ਸੈਂਪਲਾਂ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਸੂਬੇ ਦੇ ਪ੍ਰਭਾਵਿਤ ਖੇਤਰਾਂ ਅੰਦਰ ਸੂਰ ਦੀ ਫੀਡ ਤੇ ਹੋਰ ਸਮੱਗਰੀ ਲਿਜਾਣ ਤੇ ਲਿਆਉਣ ’ਤੇ ਪਾਬੰਦੀ ਲਗਾ ਦਿੱਤੀ ਸੀ । ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਈਸੀਏਆਰ-ਕੌਮੀ ਉੱਚ ਰੱਖਿਆ ਪਸ਼ੂ ਰੋਗ ਸੰਸਥਾ ਭੋਪਾਲ ਵੱਲੋਂ ਜ਼ਿਲ੍ਹਾ ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਗਈ ਸੀ ।
ਇਸ ਲਈ ਸੂਚੀਬੱਧ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦੀ ਰੋਕਥਾਮ, ਕੰਟਰੋਲ ਅਤੇ ਖ਼ਾਤਮਾ ਯਕੀਨੀ ਬਣਾਉਣ ਲਈ ਪੂਰੇ ਪੰਜਾਬ ਨੂੰ ‘ਕੰਟਰੋਲਡ ਖੇਤਰ’ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲੇ ਦਾ ‘ਐੱਸ. ਵਾਈ. ਐੱਲ.’ ਗੀਤ ਕਿਸ ਨੇ ਕੀਤਾ ਬੈਨ ? ਪੜ੍ਹੋ ਖ਼ਬਰ
ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ‘ਪਿੰਡ ਬਿਲਾਸਪੁਰ’ ਤੇ ‘ਸਨੌਰੀ ਅੱਡਾ ਪਟਿਆਲਾ’ ਦੇ ਖੇਤਰਾਂ ਨੂੰ ਬਿਮਾਰੀ ਦੇ ‘ਕੇਂਦਰ’ ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਕੋਈ ਵੀ ਜਿਊਂਦਾ ਜਾਂ ਮਰਿਆ ਸੂਰ, ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ/ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ ਜਾਂ ਸਾਮਾਨ ਪ੍ਰਭਾਵਿਤ ਖੇਤਰ ਤੋਂ ਬਾਹਰ ਨਹੀਂ ਲਿਜਾਏ ਜਾਣਗੇ।