ਮੀਡੀਆ ਰਿਪੋਰਟ ਮੁਤਾਬਕ ਗ੍ਰਿਫ਼ਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਯੂਕੇ ਦੀਆਂ ਖੁਫ਼ੀਆ ਏਜੰਸੀਆਂ ਨੇ ਦਿੱਤੀ ਸੀ। ਉਸ ਤੋਂ ਬਾਅਦ ਹੀ ਜੌਹਲ ਨੂੰ ਪੰਜਾਬ ਪੁਲੀਸ ਨੇ ਹਿਰਾਸਤ ਵਿਚ ਲਿਆ ਸੀ। ਜ਼ਿਕਰਯੋਗ ਹੈ ਕਿ ਪੁਲੀਸ ਉਤੇ ਜਗਤਾਰ ’ਤੇ ਤਸ਼ੱਦਦ ਢਾਹੁਣ ਦੇ ਦੋਸ਼ ਲੱਗੇ ਹਨ।
ਮਨੁੱਖੀ ਹੱਕਾਂ ਬਾਰੇ ਸੰਗਠਨ ‘ਰਿਪਰੀਵ’ ਅਨੁਸਾਰ ਇਸ ਗੱਲ ਦੇ ਕਾਫ਼ੀ ਠੋਸ ਸਬੂਤ ਹਨ ਕਿ ਬਰਤਾਨਵੀ ਇੰਟੈਲੀਜੈਂਸ (ਐਮਆਈ5) ਵੱਲੋਂ ਦਿੱਤੀ ਸੂਚਨਾ ’ਤੇ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਯੂਕੇ ਸਰਕਾਰ ਨੇ ਕਿਹਾ ਹੈ ਕਿ ਉਹ ਚੱਲ ਰਹੇ ਕੇਸ ਉਤੇ ਕੋਈ ਟਿੱਪਣੀ ਨਹੀਂ ਕਰਨਗੇ।
ਰਿਪੋਰਟ ਮੁਤਾਬਕ ਡੰਬਾਰਟਨ (ਯੂਕੇ) ਦਾ ਰਹਿਣ ਵਾਲਾ ਜਗਤਾਰ 2017 ਵਿਚ ਭਾਰਤ ਆਇਆ ਸੀ।ਉਸ ਦੇ ਪਰਿਵਾਰ ਨੇ ਦੋਸ਼ ਲਾਏ ਸਨ ਕਿ ਉਸ ਨੂੰ ਇਕ ਕਾਰ ਵਿਚ ਕੁਝ ਲੋਕ ਧੱਕੇ ਨਾਲ ਲੈ ਗਏ ਹਨ। ਜਗਤਾਰ ਨੇ ਦੋਸ਼ ਲਾਇਆ ਕਿ ਉਸ ਉਤੇ ਕਈ ਦਿਨ ਤਸ਼ੱਦਦ ਕੀਤਾ ਗਿਆ ਤੇ ਕਰੰਟ ਵੀ ਲਾਇਆ ਗਿਆ। ਉਸ ਤੋਂ ਬਾਅਦ ਉਹ ਲਗਾਤਾਰ ਹਿਰਾਸਤ ਵਿਚ ਹੈ।
ਇਹ ਵੀ ਪੜ੍ਹੋ : ਪੀਐਮ ਮੋਦੀ ਹੈਲੀਕਾਪਟਰ ਰਾਹੀਂ ਪਹੁੰਚੇ ਮੁੱਲਾਂਪੁਰ…
ਜੱਗੀ ਜੌਹਲ ਜਿਸ ਦਾ ਪੂਰਾ ਨਾਮ ਜਗਤਾਰ ਸਿੰਘ ਜੌਹਲ ਹੈ, ਯੂਕੇ ਦਾ ਨਾਗਰਿਕ ਹੈ ਜੋ ਡੰਬਾਰਟਨ ਸਕਾਟਲੈਂਡ ਵਿਖੇ ਰਹਿੰਦਾ ਹੈ। ਉਸ ਦੇ ਪਰਿਵਾਰ ਮੁਤਾਬਕ ਜੱਗੀ ਇਕ ਆਨਲਾਈਨ ਐਕਟੀਵਿਸਟ ਸੀ ਜੋ ਸਿੱਖਾਂ ਖ਼ਿਲਾਫ਼ ਹੋ ਰਹੀਆਂ ਵਧੀਕੀਆਂ ਨੂੰ ਸੋਸ਼ਲ ਮੀਡੀਆ ਅਤੇ ਮੈਗਜ਼ੀਨਾਂ ਦੇ ਵਿੱਚ ਲਿਖਦਾ ਸੀ। ਜੌਹਲ ਨੇ ਭਾਰਤ ਵਿੱਚ ਸਿੱਖਾਂ ਤੇ ਹੋਏ ਅੱਤਿਆਚਾਰ ਦੇ ਉੱਤੇ ਵੀ ਕਾਫੀ ਕੁਝ ਲਿਖਿਆ ਹੋਇਆ ਹੈ ਅਤੇ ਪੰਜਾਬੀ ਵਿੱਚ ਕੀਤੇ ਕੰਮ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ।