ਪੰਜਾਬ ਦੇ ਵਿੱਚ ਇੱਕ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ ਜਿਸ ਤੋਂ ਲੋਕ ਬਹੁਤ ਪਰੇਸ਼ਾਨ ਹੋ ਚੁੱਕੇ ਹਨ | ਬਿਜਲੀ ਸਪਲਾਈ ਨੂੰ ਲੈ ਕੇ ਅਕਸਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਕਸਰ ਇਹ ਸਿਰਫ ਲਾਰੇ ਹੀ ਰਹਿ ਜਾਂਦੇ ਹਨ। ਬਿਜਲੀ ਸਪਲਾਈ ਨੂੰ ਲੈ ਕੇ ਅਜਿਹੇ ਹੀ ਲਾਰਿਆਂ ਤੋਂ ਅੱਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਚੰਡੀਗੜ੍ਹ-ਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ।
ਇਸ ਦੌਰਾਨ ਸਰਕਾਰ ਦੇ ਬਿਜਲੀ ਸਬੰਧੀ ਪ੍ਰਬੰਧਾਂ ਤੋਂ ਅੱਕੇ ਲੋਕਾਂ ਨੇ ਰੂਪਨਗਰ ਦੇ ਨੇੜੇ 132 ਕੇਵੀ ਸਬ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਤੇ ਰੂਪਨਗਰ ਵਿਚ ਚੰਡੀਗੜ੍ਹ-ਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ ਹੈ, ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਸ ਦੌਰਾਨ ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਰੋਜ਼ਾਨਾ 8 ਤੋਂ 12 ਘੰਟਿਆਂ ਤੱਕ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ ਜਦਕਿ ਪੰਜਾਬ ਵਿਚ ਬਿਜਲੀ ਸਪਲਾਈ ਪੂਰੀ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਲੋਕਾਂ ਨੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਿਜਲੀ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਲਿਖਤ ਵਿਚ ਭਰੋਸਾ ਨਹੀਂ ਦਿੰਦੇ ਉਹ ਇਸੇ ਤਰ੍ਹਾਂ ਧਰਨਾ ਜਾਰੀ ਰੱਖਣਗੇ।