ਸੂਬੇ ਭਰ ‘ਚ ਹਰ ਰੋਜ਼ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੈਪਟਨ ਦੀ ਰਿਹਾਇਸ਼ ਘੇਰੀ ਜਾਂਦੀ ਹੈ| ਅੱਜ ਪੰਜਾਬ ਭਰ ’ਚੋਂ ਹਜ਼ਾਰਾਂ ਦੀ ਗਿਣਤੀ ਪੁੱਜੇ ਬਿਜਲੀ ਕਾਮਿਆਂ ਵੱਲੋਂ ਅੱਜ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਨੂੰ ਦਫ਼ਤਰ ਲੱਗਣ ਸਾਰ ਘੇਰ ਲਿਆ। ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਵਿਚਲੀਆਂ ਵੱਖ ਵੱਖ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਇਸ ਸਾਂਝੇ ਰੋਸ ਪ੍ਰੋਗਰਾਮ ਦੌਰਾਨ ਆਗੂਆਂ ਨੇ ਪਾਵਰ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੈਨੇਜਮੈਂਟ ਜੁਆਇੰਟ ਫੋਰਮ ਨਾਲ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਮੰਗ ਪੱਤਰ ਅਨੁਸਾਰ ਰਹਿੰਦੀਆਂ ਮੰਗਾਂ ਵੀ ਤੁਰੰਤ ਮੰਨਣ ਉੱਤੇ ਜ਼ੋਰ ਦਿੰਦਿਆਂ ਕਈ ਮਾਮਲਿਆਂ ਉੱਤੇ ਕੈਪਟਨ ਸਰਕਾਰ ਖ਼ਿਲਾਫ਼ ਵੀ ਤਿੱਖੇ ਵਾਰ ਕੀਤੇ।
ਆਗੂਆਂ ਨੇ ਆਖਿਆ ਕਿ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਮਸਲਿਆਂ ਤੋਂ ਘੇਸਲ ਵੱਟਣ ਤੋਂ ਮੁਲਾਜ਼ਮ ਜਥੇਬੰਦੀਆਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਫੋਰਮ ਜੁਆਇੰਟ ਫੋਰਮ ਦੇ ਸਕੱਤਰ ਸਾਥੀ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਦਿਨ ਭਰ ਤਿੰਨੋਂ ਗੇਟਾਂ ਦੇ ਘਿਰਾਓ ਮਗਰੋਂ ਬਾਅਦ ਦੁਪਹਿਰ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ‘ਨਿਊ ਮੋਤੀ ਬਾਗ ਪੈਲੇਸ’ ਵੱਲ ਵੀ ਰੋਸ ਮਾਰਚ ਕੱਢ ਕੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਉਭਾਰਿਆ ਜਾਏਗਾ। ਉਨ੍ਹਾਂ ਆਖਿਆ ਕਿ ਜੇ ਮੈਨੇਜਮੈਂਟ ਤੇ ਸਰਕਾਰ ਦੇ ਕੰਨਾਂ ਉੱਤੇ ਅੱਜ ਵੀ ਕੋਈ ਜੂੰ ਨਾ ਸਰਕੀ ਤਾਂ ਹੋਰ ਵੀ ਤਿੱਖਾ ਰੋਸ ਪ੍ਰੋਗਰਾਮ ਐਲਾਨਿਆ ਜਾਏਗਾ। ਬਿਜਲੀ ਕਾਮਿਆਂ ਦੇ ਇਸ ਤਿੱਖੇ ਪ੍ਰੋਗਰਾਮ ਦੇ ਮੱਦੇਨਜ਼ਰ ਪੁਲੀਸ ਵੀ ਪੂਰੀ ਤਰ੍ਹਾਂ ਮੁਸਤੈਦ ਹੈ।